ਲਾਪਤਾ ਪਾਵਨ ਸਰੂਪ ਮਾਮਲਾ : ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਨੇ ਦੋਸ਼ੀ ਪ੍ਰਚਾਰੇ ਜਾਣ ਤੋਂ ਨਾਰਾਜ਼

617
Share

ਅੰਮ੍ਰਿਤਸਰ, 5 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰੂਪ ਸਿੰਘ, ਜਿਨ੍ਹਾਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਅਸਤੀਫ਼ਾ ਦੇ ਦਿੱਤਾ ਸੀ, ਨੇ ਅੱਜ ਆਪਣੀ ਖਾਮੋਸ਼ੀ ਤੋੜਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਬਿਨਾਂ ਵਜ੍ਹਾ ਦੋਸ਼ੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਅਕਾਰਨ ਹੀ ਬਦਨਾਮੀ ਹੋ ਰਹੀ ਹੈ। ਕੈਨੇਡਾ ਤੋਂ ਪਰਤਣ ਮਗਰੋਂ ਇਕਾਂਤਵਾਸ ਵਿਚ ਰਹਿ ਰਹੇ ਡਾ. ਰੂਪ ਸਿੰਘ ਨੇ ਅੱਜ ਮੀਡੀਆ ਬਿਆਨ ਰਾਹੀਂ ਆਖਿਆ ਕਿ ਉਨ੍ਹਾਂ ਨੈਤਿਕ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਪਰ ਮੀਡੀਆ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਨਾਂ ਦੋਸ਼ੀਆਂ ਦੀ ਸੂਚੀ ‘ਚ ਸ਼ਾਮਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਪੜਤਾਲ ਵਿਚ ਦੋਸ਼ੀ ਹਨ ਤਾਂ ਅਸਤੀਫ਼ਾ ਅਪ੍ਰਵਾਨ ਕਰ ਕੇ ਊਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਬੇਲੋੜੀ ਬਦਨਾਮੀ ਕਾਰਨ ਉਨ੍ਹਾਂ ਦੇ ਸਮਾਜਿਕ ਜੀਵਨ ਦੀ ਹੱਤਿਆ ਹੋਈ ਹੈ ਅਤੇ ਉਹ ਵੱਡੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ਵਿਚ ਕੋਈ ਗਲਤੀ ਹੋਈ ਹੈ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ। ਛੁੱਟੀ ‘ਤੇ ਜਾਣ ਬਾਰੇ ਲੱਗ ਰਹੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਕਿਸੇ ਪਰਿਵਾਰਕ ਰੁਝੇਵੇਂ ਕਾਰਨ ਊਨ੍ਹਾਂ ਦਾ ਵਿਦੇਸ਼ ਜਾਣਾ ਜ਼ਰੂਰੀ ਸੀ।


Share