ਲਾਪਤਾ ਕਸ਼ਮੀਰੀ ਨੌਜਵਾਨ ਦੀ ਲਾਸ਼ ਮਿਲੀ; ਕਸ਼ਮੀਰੀ ਨਾਗਰਿਕਾਂ ਨੇ ਜਾਮ ਕਰਕੇ ਇਨਸਾਫ਼ ਦੀ ਮੰਗ ਕੀਤੀ

142
Share

ਫ਼ਿਰੋਜ਼ਪੁਰ, 18 ਫ਼ਰਵਰੀ (ਪੰਜਾਬ ਮੇਲ)- ਵੀਰਵਾਰ ਤੋਂ ਲਾਪਤਾ ਕਸ਼ਮੀਰੀ ਨੌਜਵਾਨ ਮੁਸ਼ਤਾਕ (25) ਦੀ ਲਾਸ਼ ਅੱਜ ਮੱਲਾਂਵਾਲਾ ਰੋਡ ’ਤੇ ਸੜਕ ਕਿਨਾਰੇ ਬੋਰੀ ਵਿਚੋਂ ਮਿਲੀ। ਰੋਸ ਵਜੋਂ ਕਸ਼ਮੀਰੀ ਨਾਗਰਿਕਾਂ ਨੇ ਸ਼ਹਿਰ ਦੀ ਮਾਲ ਰੋਡ ’ਤੇ ਸਥਿਤ ਮਹਾਰਾਜਾ ਅਗਰਸੇਨ ਚੌਕ ਵਿਚ ਰਾਹ ਜਾਮ ਕਰਕੇ ਇਨਸਾਫ਼ ਦੀ ਮੰਗ ਕੀਤੀ। ਇੱਕ ਘੰਟੇ ਮਗਰੋਂ ਪੁਲਿਸ ਵੱਲੋਂ ਭਰੋਸਾ ਦਿੱਤੇ ਜਾਣ ਮਗਰੋਂ ਉਨ੍ਹਾਂ ਰਾਹ ਖੋਲ੍ਹ ਦਿੱਤਾ। ਥਾਣਾ ਸਿਟੀ ਪੁਲਿਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਹੈ। ਮੁਸ਼ਤਾਕ ਆਪਣੇ ਪਿੱਛੇ ਮਾਂ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਆਪਣੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ। ਮੁਸ਼ਤਾਕ ਤਿੰਨ ਮਹੀਨੇ ਪਹਿਲਾਂ ਆਪਣੇ ਸਾਥੀਆਂ ਨਾਲ ਇਥੇ ਆਇਆ ਹੋਇਆ ਸੀ। ਹੁਣ ਉਸ ਦੀ ਵਾਪਸ ਕਸ਼ਮੀਰ ਜਾਣ ਦੀ ਤਿਆਰੀ ਸੀ ਕਿਉਂਕੀ ਗਰਮ ਕੱਪੜਿਆਂ ਦਾ ਸੀਜ਼ਨ ਖ਼ਤਮ ਹੋ ਚੁੱਕਾ ਹੈ। ਵੀਰਵਾਰ ਨੂੰ ਮੁਸ਼ਤਾਕ ਉਗਰਾਹੀ ਕਰਨ ਵਾਸਤੇ ਘਰੋਂ ਨਿਕਲਿਆ ਸੀ ਪਰ ਦੇਰ ਸ਼ਾਮ ਤੱਕ ਵਾਪਸ ਨਾ ਮੁੜਿਆ। ਅੱਜ ਸਵੇਰੇ ਮੁਸ਼ਤਾਕ ਦੀ ਲਾਸ਼ ਸੜਕ ਕਿਨਾਰੇ ਬੋਰੀ ਵਿਚੋਂ ਬਰਾਮਦ ਹੋਈ। ਪੁਲਿਸ ਨੂੰ ਇਹ ਲੁੱਟ-ਖੋਹ ਤੋਂ ਬਾਅਦ ਹੋਏ ਕਤਲ ਦਾ ਮਾਮਲਾ ਜਾਪਦਾ ਹੈ। ਮੁਸ਼ਤਾਕ ਦੀ ਜੇਬ ਵਿਚੋਂ ਨਗਦੀ ਤੇ ਮੋਬਾਇਲ ਫ਼ੋਨ ਵੀ ਗਾਇਬ ਪਾਇਆ ਗਿਆ ਹੈ।

Share