ਲਾਕ ਡਾਊਨ-1 ਤੋਂ ਬਾਅਦ ਸਿੰਗਾਪੁਰ ਏਅਰ ਲਾਈਨ ਦੀ ਪਹਿਲੀ ਫਲਾਈਟ ਨਿਊਜ਼ੀਲੈਂਡਰਾਂ ਨੂੰ ਲੈ ਔਕਲੈਂਡ ਪਹੁੰਚੀ

739
Share

-ਸੈਰ ਸਪਾਟੇ ਵਾਲੇ ਅਜੇ ਨਹੀਂ ਮੰਜ਼ੂਰ
-ਵਤਨ ਵਾਪਿਸੀ ਵਾਲਿਆਂ ਲਈ ਖੁੱਲ੍ਹਿਆ ਇਕ ਹੋਰ ਰਾਹ
ਔਕਲੈਂਡ, 9 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਬੀਤੀ ਅੱਧੀ ਰਾਤ ਤੋਂ ਲਾਕਡਾਊਨ-1 ਦੀ ਸ਼ੁਰੂਆਤ ਹੋਣ ਦੇ ਨਾਲ ਹੀ ਸਾਰੇ ਕੰਮ ਆਮ ਵਾਂਗ ਹੋਣ ਦੀ ਰਫਤਾਰ ਤੇਜ਼ ਫ਼ੜ ਗਈ ਹੈ। ਹਵਾਈ ਉਡਾਣਾ ਨੂੰ ਵਿਉਂਤਬੰਦੀ ਦੇ ਨਾਲ ਸ਼ਾਮਿਲ ਕੀਤਾ ਜਾ ਰਿਹਾ ਹੈ। ਅੱਜ ਸਿੰਗਾਪੁਰ ਏਅਰ ਲਈਨ ਦੀ ਇਕ ਉਡਾਣ ਲਾਕ ਡਾਊਨ ਤੋਂ ਬਾਅਦ ਪਹਿਲੀ ਫਲਾਈਟ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸਵਾ 1 ਵਜੇ ਪਹੁੰਚੀ। ਏਅਰਪੋਰਟ ਅਥਾਰਟੀ ਨੇ ਇਸ ਨੂੰ ਸਕਾਰਾਤਮਕ ਕਦਮ ਆਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਨਿਊਜ਼ੀਲੈਂਡਰਾਂ ਨੂੰ ਰੀਪੈਟਰੀਏਸ਼ਨ ਫਲਾਈਟਾਂ (ਸਪੈਸ਼ਲ ਵਤਨ ਵਾਪਿਸੀ) ਦੀ ਤਾਕ ਵਿਚ ਸਮਾਂ ਲੰਘਾਉਣ ਦੀ ਜਰੂਰਤ ਨਹੀਂ ਰਹੇਗੀ। ਲੋਕ ਸਿੰਗਾਪੁਰ ਤੋਂ ਨਿਊਜ਼ੀਲੈਂਡ ਅਤੇ ਨਿਊਜ਼ੀਲੈਂਡ ਤੋਂ ਸਿੰਗਾਪੁਰ ਹੋ ਕੇ ਆਪਣੇ ਵਤਨੀ ਪੁੱਜ ਸਕਣਗੇ ਜੇਕਰ ਅਜਿਹੀਆਂ ਫਲਾਈਟਾਂ ਦਾ ਮੇਲ ਬੈਠਦਾ ਹੈ। ਇਹ ਫਲਾਈਟਾਂ ਅਜੇ ਟੂਰਿਸਟਾਂ (ਸੈਰ ਸਪਾਟਾ) ਵਾਸਤੇ ਨਹੀਂ ਚਲਾਈਆਂ ਜਾ ਰਹੀਆਂ। ਸਿਰਫ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਹੀ ਇਥੇ ਆ ਸਕਣਗੇ ਅਤੇ 14 ਦਿਨਾਂ ਦਾ ਏਕਾਂਤਵਾਸ ਪੂਰਾ ਕਰਨਾ ਪਏਗਾ। ਲਾਕ ਡਾਊ੍ਵਨ ਤੋਂ ਪਹਿਲਾਂ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2000 ਤੋਂ ਵੱਧ ਅੰਤਰਰਾਸ਼ਟਰੀ ਉਡਾਣਾ ਉਡਦੀਆਂ ਸਨ ਅਤੇ 20 ਏਅਰ ਲਾਈਨਾਂ ਦੇ ਲਈ ਇਹ ਹਵਾਈ ਅੱਡਾ ਵਰਤਿਆ ਜਾਂਦਾ ਸੀ। ਹੁਣ ਜੂਨ ਮਹੀਨੇ ਦੇ ਵਿਚ ਹੀ 10 ਏਅਰ ਲਾਈਨਾਂ ਵੱਲੋਂ ਲਗਪਗ 101 ਫਲਾਈਟਾਂ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਸੋ ਸਿੰਗਾਪੁਰੀਏ ਤਾਂ ਸ਼ੁਰੂ ਹੋ ਗਏ ਹਨ…..ਬਾਕੀ ਵੇਖੋ ਭਾਰਤ ਦੇ ਨਾਲ ਕਿਵੇਂ ਫਲਾਈਟਾਂ ਦਾ ਕੁਨੈਕਸ਼ਨ ਬਣਦਾ ਹੈ।


Share