ਲਾਕਡਾਊਨ ਤਹਿਤ ਦੁਬਈ ‘ਚ ਜੋੜੇ ਕਰ ਸਕਣਗੇ ਆਨਲਾਈਨ ਨਿਕਾਹ

746
Share

ਦੁਬਈ, 14 ਅਪ੍ਰੈਲ (ਪੰਜਾਬ ਮੇਲ)- ਲਾਕਡਾਊਨ ਦੌਰਾਨ ਬਹੁਤ ਸਾਰੇ ਲੋਕ ਦੂਜੀਆਂ ਥਾਵਾਂ ‘ਤੇ ਫਸ ਗਏ ਹਨ, ਅਜਿਹੇ ਵਿਚ ਕਈ ਵਿਆਹਾਂ ਤੇ ਹੋਰ ਸਮਾਗਮਾਂ ਦੀਆਂ ਤਰੀਕਾਂ ਵੀ ਅੱਗੇ ਵਧਾਉਣੀਆਂ ਪਈਆਂ ਹਨ। ਬੈਂਕਵੇਟ ਹਾਲ, ਰੈਸਟੋਰੈਂਟ ਜਿਹੀਆਂ ਸਾਰੀਆਂ ਥਾਵਾਂ ‘ਤੇ ਬੁਕਿੰਗ ਬੰਦ ਹੈ। ਜਿਨ੍ਹਾਂ ਲੋਕਾਂ ਨੇ ਐਡਵਾਂਸ ਬੁਕਿੰਗ ਕਰਵਾਈ ਸੀ, ਹੁਣ ਉਹ ਲਾਕਡਾਊਨ ਦੇ ਹਿਸਾਬ ਨਾਲ ਤਰੀਕ ਅੱਗੇ ਵਧਾ ਰਹੇ ਹਨ।
ਇਸ ਵਿਚਾਲੇ ਕੁਝ ਲੋਕਾਂ ਨੇ ਸੋਸ਼ਲ ਨੈੱਟਵਰਕ ਦਾ ਸਹਾਰਾ ਲੈ ਕੇ ਆਪਣੇ 7 ਜਨਮਾਂ ਦੇ ਰਿਸ਼ਤੇ ਪੱਕੇ ਕਰ ਲਏ ਹਨ। ਇਸੇ ਵਿਚਾਲੇ ਸੰਯੁਕਤ ਅਰਬ ਅਮੀਰਾਤ ਲਾਕਡਾਊਨ ਦੇ ਵਿਚਾਲੇ ਆਨਲਾਈਨ ਵਿਆਹ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਜੋੜੇ ਆਨਲਾਈਨ ਨਿਕਾਹ ਕਰ ਸਕਣਗੇ। ਨਾਲ ਹੀ ਹੋਰ ਕਾਗਜ਼ੀ ਕੰਮ ਵੀ ਆਨਲਾਈਨ ਹੀ ਹੋਵੇਗਾ। ਯੂ.ਏ.ਈ. ਦੀ ਸਰਕਾਰੀ ਪੱਤਰਕਾਰ ਏਜੰਸੀ ਡਬਲਿਊ.ਏ.ਐੱਸ. ਦੇ ਮੁਤਾਬਕ ਨਿਆ ਮੰਤਰਾਲਾ ਨੇ 2 ਦਿਨ ਪਹਿਲਾਂ ਕਿਹਾ ਕਿ ਵਿਆਹ ਦੇ ਲਈ ਕਾਗਜ਼ੀ ਕੰਮ ਕਰਨਾ ਤੇ ਮਨਜ਼ੂਰੀ ਲੈਣਾ ਵੀ ਆਨਲਾਈਨ ਹੀ ਹੋ ਸਕੇਗਾ। ਯੂ.ਏ.ਈ. ‘ਚ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤ ਨਿਯਮ ਲਾਗੂ ਕੀਤੇ ਗਏ ਹਨ। ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ। ਏਅਰਪੋਰਟ ਤੋਂ ਉਡਾਣਾਂ ਬੰਦ ਹਨ। ਮਾਲਾਂ ਵਿਚ ਸੰਨਾਟਾ ਪਸਰਿਆ ਹੋਇਆ ਹੈ, ਸਾਰੇ ਕੰਮ ਬੰਦ ਹਨ, ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਉਸ ਦਾ ਸਖਤਾਈ ਨਾਲ ਪਾਲਣ ਕਰਵਾਇਆ ਜਾ ਰਿਹਾ ਹੈ। ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਹੁਣ ਤੱਕ ਦੁਨੀਆਂ ਭਰ ਵਿਚ ਇਕ ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਵਿਚ ਦੱਸਿਆ ਗਿਆ ਹੈ ਕਿ ਆਨਲਾਈਨ ਵਿਆਹ ਕਿਸ ਤਰ੍ਹਾਂ ਨਾਲ ਹੋਣਗੇ। ਸਾਈਟ ‘ਤੇ ਜਾ ਕੇ ਦੋਵਾਂ ਪੱਖਾਂ ਦੇ ਲੋਕ ਕਾਜ਼ੀ ਦੇ ਨਾਲ ਵੀਡੀਓ ਲਿੰਕ ਨਾਲ ਨਿਕਾਹ ਦੇ ਲਈ ਇਕ ਤਾਰੀਕ ਦੀ ਚੋਣ ਕਰਨਗੇ। ਇਸ ਪ੍ਰਕਿਰਿਆ ਵਿਚ ਕਾਜ਼ੀ, ਜੋੜੇ ਤੇ ਗਵਾਹਾਂ ਦੀ ਪਛਾਣ ਦੀ ਪੁਸ਼ਟੀ ਕਰੇਗਾ ਤੇ ਫਿਰ ਇਸ ਵਿਆਹ ਨੂੰ ਲੀਗਲ ਕਰਵਾਉਣ ਦੇ ਲਈ ਇਕ ਵਿਸ਼ੇਸ਼ ਅਦਾਲਤ ਨੂੰ ਵਿਆਹ ਦਾ ਪ੍ਰਮਾਣ ਪੱਤਰ ਦੇਣਾ ਹੋਵੇਗਾ। ਜੋੜੇ ਨੂੰ ਐੱਸ.ਐੱਮ.ਐੱਸ. ਦੇ ਰਾਹੀਂ ਵਿਆਹ ਦੇ ਪ੍ਰਮਾਣ ਪੱਤਰ ਦੀ ਪੁਸ਼ਟੀ ਪ੍ਰਾਪਤ ਹੋਵੇਗੀ। ਇਸ ਤੋਂ ਪਹਿਲਾਂ ਦੁਬਈ ਨੇ ਆਪਣੇ ਅਗਲੇ ਹੁਕਮ ਤੱਕ ਵਿਆਹਾਂ ਤੇ ਤਲਾਕਾਂ ‘ਤੇ ਰੋਕ ਲਗਾ ਦਿੱਤੀ ਸੀ, ਹੁਣ ਇਸ ਤੋਂ ਛੁਟਕਾਰੇ ਦੇ ਲਈ ਆਨਲਾਈਨ ਵਿਆਹ ਕਰਵਾਉਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਜਿਸ ਨਾਲ ਲੋਕ ਬੀਮਾਰ ਵੀ ਨਾ ਹੋਣ ਤੇ ਕੋਰੋਨਾਵਾਇਰਸ ਦਾ ਇਨਫੈਕਸ਼ਨ ਵੀ ਨਾ ਫੈਲ ਸਕੇ। ਯੂ.ਏ.ਈ. ਵਿਚ ਵੀ ਹੁਣ ਤੱਕ ਕੋਰੋਨਾਵਾਇਰਸ ਇਨਫੈਕਸ਼ਨ ਦੇ 3,700 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।


Share