ਲਸ਼ਕਰ ਵੱਲੋਂ ਕਈ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਤੇ ਮੰਦਰ-ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ

166
Share

-26 ਨਵੰਬਰ ਤੇ 6 ਦਸੰਬਰ ਨੂੰ ਧਮਾਕੇ ਕਰਨ ਦੀ ਚਿਤਾਵਨੀ, ਪੁਲਿਸ ਵੱਲੋਂ ਕੇਸ ਦਰਜ
ਅੰਬਾਲਾ, 12 ਨਵੰਬਰ (ਪੰਜਾਬ ਮੇਲ)- ਡੀ.ਆਰ.ਐੱਮ. ਅੰਬਾਲਾ ਨੂੰ ਲਸ਼ਕਰ-ਏ-ਤੋਇਬਾ ਦੇ ਨਾਂ ’ਤੇ ਪੱਤਰ ਭੇਜ ਕੇ 26 ਨਵੰਬਰ ਅਤੇ 6 ਦਸੰਬਰ ਨੂੰ ਬੰਬ ਧਮਾਕੇ ਕਰ ਕੇ ਰੇਲਵੇ ਸਟੇਸ਼ਨ ਅਤੇ ਹੋਰ ਸਥਾਨ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਦੇ ਨਾਲ ਰਿਵਾੜੀ, ਹਿਸਾਰ ਅਤੇ ਸਿਰਸਾ ਵਿਚ ਰੇਲਵੇ ਪੁਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। 6 ਦਸੰਬਰ ਨੂੰ ਅੰਬਾਲਾ ਦੇ ਪ੍ਰਮੁੱਖ ਮੰਦਰਾਂ, ਗੁਰਦੁਆਰਿਆਂ, ਹਿਮਾਚਲ ਦੇ ਕਈ ਮੰਦਰਾਂ, ਗੁਰਦੁਆਰਿਆਂ ਅਤੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। ਲਾਈਨਦਾਰ ਕਾਗ਼ਜ਼ ’ਤੇ ਹਿੰਦੀ ਵਿਚ ਲਿਖੇ ‘ਖ਼ੁਦਾ ਹਾਫ਼ਿਜ਼’ ਨਾਲ ਬੰਦ ਕੀਤੇ ਇਸ ਪੱਤਰ ਦੇ ਅੰਤ ਵਿਚ ਲਿਖਣ ਵਾਲੇ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਦੱਸਦਿਆਂ ਆਪਣਾ ਨਾਂ ਉਮੀਮ ਸ਼ੇਖ਼ ਲਿਖਿਆ ਹੈ। ਡੀ.ਆਰ.ਐੱਮ. ਨੂੰ ਭੇਜੇ ਗਏ ਇਸ ਧਮਕੀ ਪੱਤਰ ਦੇ ਆਧਾਰ ’ਤੇ ਰੇਲਵੇ ਸੁਰੱਖਿਆ ਬਲ ਦੇ ਯਾਤਰੀ ਸੁਰੱਖਿਆ ਇੰਸਪੈਕਟਰ ਸ਼ਾਮ ਸੁੰਦਰ ਨੇ ਥਾਣਾ ਪੜਾਓ ’ਚ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ (ਜੰਮੂ-ਕਸ਼ਮੀਰ) ਦੇ ਉਮੀਮ ਸ਼ੇਖ਼ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਭਾਵੇਂ ਇਹ ਪੱਤਰ 29 ਅਕਤੂਬਰ ਨੂੰ ਮਿਲਿਆ ਸੀ ਪਰ ਮਾਮਲਾ ਹੁਣ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਪੱਤਰ ਮਿਲ ਚੁੱਕੇ ਹਨ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਕਾਰ ਵਿਚੋਂ ਆਰ.ਡੀ.ਐੱਕਸ. ਵੀ ਬਰਾਮਦ ਹੋਇਆ ਸੀ।

Share