ਲਖੀਮਪੁਰ ਹਿੰਸਾ ਮਾਮਲੇ ’ਚ ‘ਸਿੱਟ’ ਵੱਲੋਂ ਕਿਸਾਨਾਂ ਤੋਂ ਪੁੱਛ-ਪੜਤਾਲ

459
Share

– ਵਕੀਲ ਦੀ ਮੌਜੂਦਗੀ ’ਚ ਸਥਾਨਕ ਕਿਸਾਨਾਂ ਨੂੰ ਸਵਾਲ ਪੁੱਛੇ
– ਸਿਟ ਵੱਲੋਂ ਛੇ ਸ਼ੱਕੀ ਦੀਆਂ ਤਸਵੀਰਾਂ ਜਾਰੀ
ਲਖੀਮਪੁਰ ਖੀਰੀ (ਯੂ.ਪੀ.), 20 ਅਕਤੂਬਰ (ਪੰਜਾਬ ਮੇਲ)- ਲਖੀਮਪੁਰ ਖੀਰੀ ਘਟਨਾ, ਜਿਸ ਵਿਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ 9 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਕੁਝ ਸਥਾਨਕ ਕਿਸਾਨਾਂ ਤੋਂ ਪੁੱਛਗਿੱਛ ਕੀਤੀ ਹੈ। ਤਿੰਨ ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿਚ ਦਰਜ ਐੱਫ.ਆਈ.ਆਰ. ਨੂੰ ਲੈ ਕੇ ‘ਸਿਟ’ ਹੁਣ ਤੱਕ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕਰ ਚੁੱਕੀ ਹੈ। ਇਨ੍ਹਾਂ ਵਿਚੋਂ 15 ਕਿਸਾਨਾਂ ਨੇ ਲੰਘੇ ਦਿਨ ‘ਸਿਟ’ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ। ਸਥਾਨਕ ਕਿਸਾਨਾਂ ਨੂੰ ਸੀ.ਆਰ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨੋਟਿਸ ਭੇਜੇ ਗਏ ਸਨ। ‘ਸਿਟ’ ਅਧਿਕਾਰੀ ਨੇ ਕਿਹਾ, ‘‘ਅਸੀਂ ਦੋਵਾਂ ਐੱਫ.ਆਈ.ਆਰਜ਼ ਦੀ ਜਾਂਚ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਦੂਜੀ ਐੱਫ.ਆਈ.ਆਰ. ਦੇ ਸਬੰਧ ਵਿਚ ਸੰਮਨ ਕੀਤਾ ਗਿਆ ਸੀ।’ ਸੂਤਰਾਂ ਨੇ ਕਿਹਾ ਕਿ ਹਰੇਕ ਕਿਸਾਨ ਤੋਂ 15 ਮਿੰਟਾਂ ਤੋਂ ਵੱਧ ਪੁੱਛਗਿੱਛ ਕੀਤੀ ਗਈ ਤੇ ਇਸ ਮੌਕੇ ਉਨ੍ਹਾਂ (ਕਿਸਾਨਾਂ) ਦਾ ਵਕੀਲ ਮੁਹੰਮਦ ਅਮਾਨ ਵੀ ਮੌਜੂਦ ਸੀ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਸਿਟ’ ਕੋਲ ਪੇਸ਼ 15 ਕਿਸਾਨਾਂ ’ਚੋਂ ਸਿਰਫ਼ 11 ਨੇ ਹੀ ਆਪਣੇ ਬਿਆਨ ਦਰਜ ਕਰਵਾਏ। ਵਿਰਕ ਨੇ ਕਿਹਾ, ‘‘ਸਿਟ ਨੇ ਲਖੀਮਪੁਰ ਹਿੰਸਾ ਨਾਲ ਸਬੰਧਤ ਸਵਾਲ ਪੁੱਛੇ ਤੇ ਦੋਵਾਂ ਐੱਫ.ਆਈ.ਆਰਜ਼ ਲਈ ਇਕੋ ਬਿਆਨ ਦਰਜ ਕੀਤਾ ਗਿਆ। ਉਨ੍ਹਾਂ ਨੂੰ ਸਵਾਲ ਪੁੱਛੇ ਗਏ ਕਿ (ਕਿਸਾਨਾਂ ਨੂੰ) ਇਹ ਅਹਿਸਾਸ ਕਿਵੇਂ ਹੋਇਆ ਕਿ ਉਹ ਖ਼ਤਰੇ ਵਿਚ ਹਨ ਤੇ ਕਿਸਾਨਾਂ ਨੂੰ ਵਾਹਨ ਹੇਠ ਦਰੜਨ ਮਗਰੋਂ ਉਨ੍ਹਾਂ ਨੇ ਕੀ ਕੀਤਾ। ਅਸੀਂ ਸਿਟ ਮੈਂਬਰਾਂ ਨੂੰ ਦੱਸਿਆ ਕਿ ਕਿਸਾਨ ਜਾਂਚ ਵਿਚ ਪੂਰਾ ਸਹਿਯੋਗ ਦੇਣਗੇ।’’ ਕਾਬਿਲੇਗੌਰ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਨੂੰ ਇਸ ਕੇਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ (ਜੋ ਲਖੀਮਪੁਰ ਹਿੰਸਾ ਮਾਮਲੇ ਵਿਚ ਪਹਿਲਾਂ ਹੀ ਪੁਲਿਸ ਦੀ ਗਿ੍ਰਫ਼ਤ ਵਿਚ ਹੈ) ਦੇ ਚਾਰ ਹੋਰ ਸਾਥੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ’ਚ ਸੁਮਿਤ ਜੈਸਵਾਲ ਵੀ ਸ਼ਾਮਲ ਹੈ, ਜਿਸ ਨੇ ਲਖੀਮਪੁਰ ਹਿੰਸਾ ਕੇਸ ਵਿਚ ਕਿਸਾਨਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਸੀ। ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਵਾਹਨ ਹੇਠ ਦਰੜਨ ਦੀ ਘਟਨਾ ਮਗਰੋਂ ਜੈਸਵਾਲ ਫ਼ਰਾਰ ਹੋ ਗਿਆ ਸੀ।
ਯੂ.ਪੀ. ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਲਖੀਮਪੁਰ ਖੀਰੀ ਹਿੰਸਾ ਕੇਸ ’ਚ ਕੁਝ ਮਸ਼ਕੂਕਾਂ ਦੀ 6 ਤਸਵੀਰਾਂ ਜਾਰੀ ਕੀਤੀਆਂ ਹਨ। ਸਿਟ ਨੇ ਲੋਕਾਂ ਨੂੰ ਇਨ੍ਹਾਂ ਮਸ਼ਕੂਕਾਂ ਦੀ ਸ਼ਨਾਖਤ ਕਰਨ ਦੀ ਅਪੀਲ ਕੀਤੀ ਹੈ। ਜਾਂਚ ਟੀਮ ਨੇ ਕਿਹਾ ਕਿ ਮਸ਼ਕੂਕਾਂ ਦੀ ਪਛਾਣ ਤੇ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ। ਸਿਟ ਨੇ ਇਕ ਸੰਪਰਕ ਨੰਬਰ ਵੀ ਜਾਰੀ ਕੀਤਾ ਹੈ, ਤਾਂ ਕਿ ਲੋਕ ਜਾਣਕਾਰੀ ਸਾਂਝੀ ਕਰ ਸਕਣ। ਜਾਂਚ ਟੀਮ ਨੇ ਭਰੋਸਾ ਦਿੱਤਾ ਹੈ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

Share