ਲਖੀਮਪੁਰ ਹਿੰਸਾ ਮਾਮਲਾ : ਦੂਜੇ ਪੋਸਟਮਾਰਟਮ ਮਗਰੋਂ ਚੌਥੇ ਕਿਸਾਨ ਦਾ ਸਸਕਾਰ

220
ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ ਕਿਸਾਨ ਗੁਰਵਿੰਦਰ ਸਿੰਘ ਦੇ ਸਸਕਾਰ ਵਿਚ ਸ਼ਾਮਲ ਪਿੰਡ ਵਾਸੀ।
Share

* ਦੂਜੇ ਪੋਸਟਮਾਰਟਮ ’ਚ ਵੀ ਕਿਸਾਨ ਨੂੰ ਗੋਲੀ ਲੱਗਣ ਦੀ ਨਹੀਂ ਹੋਈ ਪੁਸ਼ਟੀ
ਲਖਨਊ ਤੋਂ ਆਈ ਮਾਹਿਰਾਂ ਦੀ ਟੀਮ ਨੇ ਕੀਤਾ ਗੁਰਵਿੰਦਰ ਸਿੰਘ ਦਾ ਪੋਸਟਮਾਰਟਮ
ਬਹਿਰਾਈਚ (ਯੂਪੀ), 7 ਅਕਤੂਬਰ (ਪੰਜਾਬ ਮੇਲ)- ਲਖੀਮਪੁਰ ਖੀਰੀ ਹਿੰਸਾ ਦੌਰਾਨ ਮੌਤ ਦੇ ਮੂੰਹ ਪਏ ਚਾਰ ਕਿਸਾਨਾਂ ’ਚੋਂ ਇਕ ਗੁਰਵਿੰਦਰ ਸਿੰਘ ਉਰਫ਼ ਗਿਆਨੀ ਜੀ ਦਾ ਦੂਜੇ ਪੋਸਟਮਾਰਟਮ ਮਗਰੋਂ ਬੀਤੇ ਦਿਨੀਂ ਸਸਕਾਰ ਕਰ ਦਿੱਤਾ ਗਿਆ। ਬਹਿਰਾਈਚ ਜ਼ਿਲ੍ਹੇ ਦੇ ਮੋਹਾਰੀਆ ਪਿੰਡ ਨਾਲ ਸਬੰਧਤ 22 ਸਾਲਾ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ਇਹ ਕਹਿੰਦਿਆਂ ਸਸਕਾਰ ਤੋਂ ਨਾਂਹ ਕਰ ਦਿੱਤੀ ਸੀ ਕਿ ਗੁਰਵਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਕਰਕੇ ਹੋਈ ਸੀ, ਜਦੋਂਕਿ ਪੋਸਟਮਾਰਟਮ ਰਿਪੋਰਟ ’ਚ ਇਸ ਦਾ ਕੋਈ ਜ਼ਿਕਰ ਨਹੀਂ ਸੀ। ਲਿਹਾਜ਼ਾ ਪਰਿਵਾਰ ਨੇ ਮੁੜ ਤੋਂ ਪੋਸਟਮਾਰਟਮ ਕੀਤੇ ਜਾਣ ਦੀ ਮੰਗ ਕੀਤੀ ਸੀ। ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਵੀ ਕਿਸਾਨ ਪਰਿਵਾਰ ਦੀ ਇਸ ਮੰਗ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਗੁਰਵਿੰਦਰ ਸਿੰਘ ਦੇ ਪਿਤਾ ਨੂੰ 45 ਲੱਖ ਰੁਪਏ ਦਾ ਚੈੱਕ ਸੌਂਪਦੇ ਹੋਏ ਬਹਿਰਾਈਚ ਦੇ ਡੀ. ਐੱਮ. ਦਿਨੇਸ਼ ਚੰਦਰ ਸਿੰਘ ਅਤੇ ਐੱਸ. ਪੀ. ਸੁਜਾਤਾ ਸਿੰਘ।

ਐੱਸ.ਪੀ. ਸੁਜਾਤਾ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਮੰਗ ’ਤੇ ਸਹਿਮਤੀ ਦੇਣ ਮਗਰੋਂ ਲਖਨਊ ਤੋਂ ਆਈ ਮਾਹਿਰਾਂ ਦੀ ਟੀਮ ਨੇ ਮੰਗਲਵਾਰ ਰਾਤ ਨੂੰ ਕਿਸਾਨ ਗੁਰਵਿੰਦਰ ਸਿੰਘ ਦਾ ਦੂਜੀ ਵਾਰ ਪੋਸਟਮਾਰਟਮ ਕੀਤਾ। ਵਧੀਕ ਐੱਸ.ਪੀ. (ਪੇਂਡੂ) ਅਸ਼ੋਕ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਕੁਝ ਘੰਟਿਆਂ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ, ਏ.ਡੀ.ਜੀ. (ਗੋਰਖਪੁਰ) ਅਖਿਲ ਕੁਮਾਰ ਤੇ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਗੁਰਵਿੰਦਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਐੱਸ.ਪੀ. ਨੇ ਕਿਹਾ ਕਿ ਪੋਸਟ-ਮਾਰਟਮ ਰਿਪੋਰਟ ਮਾਹਿਰਾਂ ਦੀ ਨਿਗਰਾਨੀ ’ਚ ਤਿਆਰ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਦਿਨੇਸ਼ ਚੰਦਰਾ ਸਿੰਘ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਹਿਲੇ ਪੋਸਟ-ਮਾਰਟਮ ਨੂੰ ਲੈ ਕੇ ਇਤਰਾਜ਼ ਜਤਾਏ ਸਨ। ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਦੀ ਪ੍ਰਵਾਨਗੀ ਨਾਲ ਦੁਬਾਰਾ ਪੋਸਟ-ਮਾਰਟਮ ਕੀਤਾ ਗਿਆ, ਜਿਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ।’’

ਗੁਰਵਿੰਦਰ ਸਿੰਘ ਦੇ ਚਾਚਾ ਸੁਖਦੇਵ ਸਿੰਘ ਨੇ ਕਿਹਾ, ‘‘ਪੋਸਟ-ਮਾਰਟਮ ਸਾਡੇ ਸਾਰਿਆਂ ਦੇ ਸਾਹਮਣੇ ਹੋਇਆ ਸੀ ਤੇ ਇਸ ਮੌਕੇ ਸਾਡੇ ਆਗੂ ਵੀ ਮੌਜੂਦ ਸਨ। ਉਸ ਵੇਲੇ ਡਾਕਟਰਾਂ ਨੇ ਸਾਨੂੰ ਇਹੀ ਦੱਸਿਆ ਸੀ ਕਿ ਗੁਰਵਿੰਦਰ ਨੂੰ ਗੋਲੀ ਨਹੀਂ ਵੱਜੀ। ਪਰ ਹੁਣ ਜਦੋਂ ਦੋਵਾਂ ਪੋਸਟ-ਮਾਰਟਮਾਂ ਵਿਚ ਡਾਕਟਰ ਇਹ ਆਖ ਰਹੇ ਹਨ ਕਿ ਉਸ ਨੂੰ ਗੋਲੀ ਨਹੀਂ ਵੱਜੀ ਤਾਂ ਸਾਡੇ ਕੋਲ ਉਸ ਦਾ ਸਸਕਾਰ ਕਰਨ ਤੋਂ ਛੁੱਟ ਹੋਰ ਕੋਈ ਬਦਲ ਨਹੀਂ ਸੀ।’’ ਇਸ ਤੋਂ ਪਹਿਲਾਂ ਤਿੰਨ ਹੋਰਨਾਂ ਕਿਸਾਨਾਂ ਦਾ ਮੰਗਲਵਾਰ ਨੂੰ ਉਨ੍ਹਾਂ ਦੇ ਆਪੋ-ਆਪਣੇ ਪਿੰਡ ਵਿਚ ਸਸਕਾਰ ਕਰ ਦਿੱਤਾ ਗਿਆ ਸੀ।

Share