ਲਖੀਮਪੁਰ ਖੀਰੀ ਹਿੰਸਾ ਮਾਮਲਾ: ਵਿਸ਼ੇਸ਼ ਜਾਂਚ ਟੀਮ ਆਸ਼ੀਸ਼ ਮਿਸ਼ਰਾ ਤੋਂ ਕਰੇਗੀ ਘਟਨਾ ਬਾਰੇ ਪੁੱਛਗਿੱਛ

385
Share

-ਪੁੱਛਗਿੱਛ ਲਈ ਆਸ਼ੀਸ਼ ਮਿਸ਼ਰਾ ਨੂੰ ਅਪਰਾਧ ਸ਼ਾਖਾ ਦੇ ਦਫ਼ਤਰ ਲਿਆਂਦਾ ਗਿਆ
ਲਖੀਮਪੁਰ ਖੀਰੀ, 13 ਅਕਤੂਬਰ (ਪੰਜਾਬ ਮੇਲ)- ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਉੱਤਰ ਪ੍ਰਦੇਸ਼ ਪੁਲਿਸ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਲਈ ਅਪਰਾਧ ਸ਼ਾਖਾ ਦੇ ਦਫ਼ਤਰ ਲਿਆਂਦਾ ਗਿਆ। ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਹੁਣ ਆਸ਼ੀਸ਼ ਮਿਸ਼ਰਾ ਤੋਂ ਘਟਨਾ ਬਾਰੇ ਪੁੱਛਗਿੱਛ ਕਰੇਗੀ। ਪੁਲਿਸ ਲਾਈਨ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉੱਤਰ ਪ੍ਰਦੇਸ਼ ਪੁਲਿਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੋਂ ਅਪਰਾਧ ਸ਼ਾਖਾ ਵਿਚਲੇ ਦਫ਼ਤਰ ’ਚ ਪੁੱਛਗਿੱਛ ਕੀਤੀ। ਸੀ.ਜੇ.ਐੱਮ. ਕੋਰਟ ਨੇ ਆਸ਼ੀਸ਼ ਨੂੰ ਬੀਤੇ ਦਿਨੀਂ ਤਿੰਨ ਦਿਨਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਸ਼ੇਖਰ ਭਾਰਤੀ ਨਾਂ ਦੇ ਇਕ ਹੋਰ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਭਾਰਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇੇਜ ਦਿੱਤਾ ਗਿਆ। ਸੀਨੀਅਰ ਪ੍ਰਾਸੀਕਿਊਸ਼ਨ ਅਧਿਕਾਰੀ ਐੱਸ.ਪੀ. ਯਾਦਵ ਨੇ ਕਿਹਾ ਕਿ ਉਨ੍ਹਾਂ ਭਾਰਤੀ ਦਾ 14 ਦਿਨਾ ਪੁਲਿਸ ਰਿਮਾਂਡ ਮੰਗਿਆ ਸੀ, ਜਿਸ ਬਾਰੇ ਸੁਣਵਾਈ ਹੋਣੀ ਹੈ। ਭਾਰਤੀ ਦੀ ਗਿ੍ਰਫ਼ਤਾਰੀ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ 3 ਅਕਤੂਬਰ ਨੂੰ ਵਾਪਰੀ ਹਿੰਸਾ, ਜਿਸ ਵਿਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਮੇਤ 8 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਾਮਲੇ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ, ਲਵਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਗਿ੍ਰਫ਼ਤਾਰ ਕੀਤਾ ਸੀ। ਐੱਸ.ਪੀ. ਯਾਦਵ ਨੇ ਕਿਹਾ ਕਿ ਦੋ ਹੋਰ ਵਿਅਕਤੀਆਂ- ਅੰਕਿਤ ਦਾਸ ਤੇ ਲਤੀਫ਼ ਨੇ ਸੀ.ਜੇ.ਐੱਮ. ਕੋਰਟ ’ਚ ਅਰਜ਼ੀ ਦਾਖ਼ਲ ਕਰਕੇ ਆਤਮ ਸਮਰਪਣ ਦੀ ਅਪੀਲ ਕੀਤੀ ਹੈ।

Share