ਲਖੀਮਪੁਰ ਖੀਰੀ ਹਿੰਸਾ: ਕੇਂਦਰੀ ਮੰਤਰੀ ਦੇ ਪੁੱਤਰ ਕੋਲੋਂ ਮਿਲੇ ਹਥਿਆਰ ਵਿਚੋਂ ਗੋਲੀ ਚੱਲਣ ਦੀ ਪੁਸ਼ਟੀ

257
Share

ਲਖੀਮਪੁਰ,  11 ਨਵੰਬਰ (ਪੰਜਾਬ ਮੇਲ)- ਇਕ ਫੌਰੈਂਸਿਕ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਹੋਰਾਂ ਕੋਲੋਂ ਲਖੀਮਪੁਰ ਹਿੰਸਾ ਮਗਰੋਂ ਜਿਹੜੇ ਹਥਿਆਰ ਮਿਲੇ ਸਨ, ਉਨ੍ਹਾਂ ’ਚੋਂ ਗੋਲੀਆਂ ਚਲਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਆਸ਼ੀਸ਼ ਨੇ ਗੋਲੀ ਚਲਾਈ ਸੀ। ਫੌਰੈਂਸਿਕ ਸਾਇੰਸ ਲੈਬਾਰਟਰੀ ਨੇ ਭਾਵੇਂ ਪੁਸ਼ਟੀ ਕਰ ਦਿੱਤੀ ਹੈ ਕਿ ਹਥਿਆਰਾਂ ਵਿਚੋਂ ਗੋਲੀ ਚੱਲੀ ਸੀ ਪਰ ਇਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਕਿ ਗੋਲੀ ਹਿੰਸਾ ਵਾਲੇ ਦਿਨ ਹੀ ਚੱਲੀ ਸੀ ਜਾਂ ਕਿਸੇ ਹੋਰ ਦਿਨ। ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿਚ 8 ਲੋਕ ਮਾਰੇ ਗਏ ਸਨ। ਚਾਰ ਇਨ੍ਹਾਂ ਵਿਚੋਂ ਕਿਸਾਨ ਸਨ ਜਿਨ੍ਹਾਂ ਉਤੇ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਨੇ ਗੱਡੀ ਚੜ੍ਹਾਈ ਸੀ। ਮਗਰੋਂ ਗੁੱਸੇ ਵਿਚ ਆਏ ਕਿਸਾਨਾਂ ਨੇ ਵਾਹਨਾਂ ’ਚ ਸਵਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਨ੍ਹਾਂ ’ਚੋਂ ਕਈਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਦੋ ਭਾਜਪਾ ਵਰਕਰ ਤੇ ਇਕ ਡਰਾਈਵਰ ਸੀ। ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਮਿਸ਼ਰਾ ਦੀ ਇਕ ਰਾਈਫਲ ਸਣੇ ਚਾਰ ਹਥਿਆਰ ਪੁਲੀਸ ਨੇ ਜ਼ਬਤ ਕੀਤੇ ਸਨ। ਇਕ ਪਿਸਤੌਲ ਅੰਕਿਤ ਦਾਸ ਦਾ ਸੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦਾ ਭਤੀਜਾ ਹੈ। ਇਕ ਹੋਰ ਰਿਪੀਟਰ ਗੰਨ ਦਾਸ ਦੇ ਬਾਡੀਗਾਰਡ ਲਤੀਫ਼ ਕਾਲੇ ਕੋਲੋਂ ਮਿਲੀ ਸੀ। ਚੌਥੇ ਹਥਿਆਰ ਜੋ ਕਿ ਇਕ ਰਿਵਾਲਵਰ ਹੈ, ਦੀ ਰਿਪੋਰਟ ਅਜੇ ਆਉਣੀ ਹੈ। ਇਹ ਰਿਵਾਲਵਰ ਦਾਸ ਦੇ ਸਾਥੀ ਸੱਤਿਆ ਪ੍ਰਕਾਸ਼ ਕੋਲ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰ ਹਥਿਆਰ ਲੈਬ ਵਿਚ ਬੈਲਿਸਟਿਕ ਜਾਂਚ ਲਈ ਭੇਜੇ ਗਏ ਸਨ। ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ ਪਰ ਇਹ ਰਿਪੋਰਟ ਵਿਚ ਨਹੀਂ ਹੈ ਕਿ ਗੋਲੀ ਕਦ ਚੱਲੀ। ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਲੈਬ ਰਿਪੋਰਟ ਉਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ। ‘ਸਿਟ’ ਨੇ ਹੀ ਇਹ ਹਥਿਆਰ ਬਰਾਮਦ ਕਰ ਕੇ ਲੈਬ ਜਾਂਚ ਲਈ ਭੇਜੇ ਸਨ। ਜਗਜੀਤ ਸਿੰਘ ਦੀ ਸ਼ਿਕਾਇਤ ਉਤੇ ਪੁਲੀਸ ਨੇ ਜਿਹੜੀ ਐਫਆਈਆਰ ਦਰਜ ਕੀਤੀ ਸੀ, ਉਸ ਵਿਚ ਕਿਹਾ ਗਿਆ ਹੈ ਕਿ ਪੂਰੇ ਘਟਨਾਕ੍ਰਮ ਦੀ ਯੋਜਨਾ ਅਗਾਊਂ ਬਣਾਈ ਗਈ ਸੀ ਤੇ ਮੰਤਰੀ ਅਤੇ ਉਸ ਦੇ ਪੁੱਤਰ ਨੇ ਸਾਜ਼ਿਸ਼ ਘੜੀ। ਐਫਆਈਆਰ ਮੁਤਾਬਕ ਕਿਸਾਨ ਤਿੰਨ ਅਕਤੂਬਰ ਨੂੰ ਆਸ਼ੀਸ਼ ਮਿਸ਼ਰਾ ਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ ਤੇ ਰੋਸ ਮੁਜ਼ਾਹਰਾ ਸ਼ਾਂਤੀਪੂਰਨ ਸੀ। ਦੁਪਹਿਰ ਬਾਅਦ ਕਰੀਬ ਤਿੰਨ ਵਜੇ ਆਸ਼ੀਸ਼ ਆਪਣੇ 15-20 ਹਥਿਆਰਾਂ ਨਾਲ ਲੈਸ ਬੰਦਿਆਂ ਨੂੰ ਲੈ ਕੇ ਪੁੱਜਾ। ਉਹ ਤਿੰਨ ਤੇਜ਼ ਰਫ਼ਤਾਰ ਗੱਡੀਆਂ ਵਿਚ ਆਏ ਤੇ ਕਿਸਾਨਾਂ ਨੂੰ ਦਰੜਿਆ। ਆਸ਼ੀਸ਼, ਜੋ ਕਿ ਥਾਰ ਜੀਪ ਦੀ ਖੱਬੀ ਸੀਟ ਉਤੇ ਬੈਠਾ ਸੀ, ਨੇ ਇਸ ਦੌਰਾਨ ਗੋਲੀ ਵੀ ਚਲਾਈ। ਐਫਆਈਆਰ ਮੁਤਾਬਕ ਆਸ਼ੀਸ਼ ਦੀ ਗੋਲੀ ਨਾਲ ਕਿਸਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਗੁਰਵਿੰਦਰ ਦੇ ਦੋ ਵਾਰ ਕੀਤੇ ਗਏ ਪੋਸਟਮਾਰਟਮ ਵਿਚ ਗੋਲੀ ਨਾ ਲੱਗਣ ਦੀ ਰਿਪੋਰਟ ਹੀ ਦਿੱਤੀ ਗਈ ਹੈ।


Share