ਲਖੀਮਪੁਰ ਖੀਰੀ: ਪੀੜਤ ਕਿਸਾਨਾਂ ਦੇ ਪਰਿਵਾਰ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਖਿਲਾਫ਼ ਸੁਪਰੀਮ ਕੋਰਟ ਪੁੱਜੇ

210
Share

ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਦੂਜੀ ਪਟੀਸ਼ਲ ਦਾਖ਼ਲ
ਨਵੀਂ ਦਿੱਲੀ, 21 ਫਰਵਰੀ (ਪੰਜਾਬ ਮੇਲ)- ਲਖੀਮਪੁਰ ਖੀਰੀ ਵਿਚ ਜੀਪ ਹੇਠ ਦਰੜੇ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਇਸ ਕੇਸ ਵਿੱਚ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਹਾਈ ਕੋਰਟ ਦੇ 10 ਫਰਵਰੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਕਿਉਂਕਿ ਯੂ.ਪੀ. ਸਰਕਾਰ, ਜਿੱਥੇ ਮੁਲਜ਼ਮ ਤੇ ਉਸ ਦੇ ਪਿਤਾ ਦੀ ਪਾਰਟੀ ਸੱਤਾ ਵਿਚ ਹੈ, ਇਸ ਫੈਸਲੇ ਖ਼ਿਲਾਫ਼ ਬੋਲਣ ’ਚ ਨਾਕਾਮ ਰਹੀ ਹੈ। ਚੇਤੇ ਰਹੇ ਕਿ ਪਿਛਲੇ ਸਾਲ 3 ਅਕਤੂਬਰ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਯੂ.ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਖਿਲਾਫ਼ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੂੰ ਜੀਪ ਨੇ ਦਰੜ ਦਿੱਤਾ ਸੀ। ਇਸ ਜੀਪ ਨੂੰ ਕਥਿਤ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਚਲਾ ਰਿਹਾ ਸੀ। ਇਸ ਹਾਦਸੇ ’ਚ ਚਾਰ ਕਿਸਾਨਾਂ ਤੇ ਇਕ ਸਥਾਨਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ। ਇਸ ਘਟਨਾ ਮਗਰੋਂ ਭੜਕੀ ਹਿੰਸਾ ’ਚ ਤਿੰਨ ਹੋਰ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।

Share