ਲਖੀਮਪੁਰ ਖੀਰੀ ਘਟਨਾ ਦੀ ਜਾਂਚ ਲਈ 6 ਮੈਂਬਰੀ ਐੱਸ.ਆਈ.ਟੀ. ਦਾ ਗਠਨ

354
Share

ਲਖੀਮਪੁਰ ਖੀਰੀ/ਬਹਿਰਾਈਚ (ਯੂ.ਪੀ.), 6 ਅਕਤੂਬਰ (ਪੰਜਾਬ ਮੇਲ)-ਲਖੀਮਪੁਰ ਖੀਰੀ ਘਟਨਾ ਦੀ ਜਾਂਚ ਐੱਸ.ਆਈ.ਟੀ. ਕਰੇਗੀ ਅਤੇ ਜਾਂਚ ਲਈ ਸੂਬਾ ਸਰਕਾਰ ਵਲੋਂ 6 ਮੈਂਬਰੀ ਐੱਸ.ਆਈ.ਟੀ. ਗਠਿਤ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਪੁਲਿਸ ਵਲੋਂ ਕਿਹਾ ਗਿਆ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਈ.ਜੀ. ਰੇਂਜ ਲਖਨਊ ਰਸ਼ਮੀ ਸਿੰਘ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਨਾਲ ਹੀ ਇਸ ਮਾਮਲੇ ’ਚ ਇਕ ਸੇਵਾਮੁਕਤ ਜੱਜ ਦੀ ਨਿਗਰਾਨੀ ’ਚ ਨਿਆਇਕ ਜਾਂਚ ਵੀ ਹੋਵੇਗੀ।
ਲਖੀਮਪੁਰ ਖੀਰੀ ’ਚ ਪ੍ਰਦਰਸ਼ਨ ਦੌਰਾਨ ਗੱਡੀ ਹੇਠ ਦਰੜ ਕੇ ਮਾਰੇ ਜਾਣ ਵਾਲੇ ਤਿੰਨ ਕਿਸਾਨਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ’ਚ ਕਰ ਦਿੱਤਾ ਗਿਆ, ਜਦਕਿ ਚੌਥੇ ਕਿਸਾਨ ਦੇ ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਮੁੜ ਪੋਸਟਮਾਰਟਮ ਕਰਵਾਉਣ ਦੀ ਪਰਿਵਾਰ ਦੀ ਮੰਗ ਨੂੰ ਮੰਨ ਲਿਆ। ਬਹਿਰਾਈਚ ਦੇ ਪਿੰਡ ਮੋਹਰੀਆ ਦੇ 22 ਸਾਲਾ ਗੁਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਤੋਂ ਇਨਕਾਰ ਕਰਦਿਆਂ ਦੋਸ਼ ਲਗਾਇਆ ਕਿ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਮੌਕੇ ਗੁਰਵਿੰਦਰ ਸਿੰਘ ਦੇ ਪਿੰਡ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਪਰਿਵਾਰ ਦੀ ਇਸ ਮੰਗ ਦਾ ਸਮਰਥਨ ਕੀਤਾ। ਸੀਨੀਅਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਗੁਰਵਿੰਦਰ ਦਾ ਦੂਸਰੀ ਵਾਰ ਪੋਸਟਮਾਰਟਮ ਜ਼ਿਲ੍ਹਾ ਹਸਪਤਾਲ ’ਚ ਕੀਤਾ ਜਾਵੇਗਾ। ਲਾਸ਼ ਨੂੰ ਲਿਆਉਣ ਲਈ ਇਕ ਵਾਹਨ ਭੇਜਿਆ ਗਿਆ ਹੈ। ਪੋਸਟਮਾਰਟਮ ਲਈ ਹੈਲੀਕਾਪਟਰ ਰਾਹੀਂ ਲਖਨਊ ਤੋਂ ਮਾਹਰਾਂ ਦੀ ਇਕ ਟੀਮ ਬਹਿਰਾਈਚ ਜ਼ਿਲ੍ਹਾ ਪੁਲਿਸ ਲਾਈਨ ਪਹੁੰਚ ਗਈ ਹੈ। ਵਧੀਕ ਡੀ.ਜੀ.ਪੀ. (ਗੋਰਖਪੁਰ) ਅਖਿਲ ਕੁਮਾਰ ਤੇ ਹੋਰ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਮੋਹਰੀਆ ਪਿੰਡ ਪੁੱਜੇ ਸਨ ਪਰ ਪਰਿਵਾਰਕ ਮੈਂਬਰਾਂ ਨੇ ਗੁਰਵਿੰਦਰ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਵਿੰਦਰ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਪੋਸਟਮਾਰਟਮ ਦੀ ਗਲਤ ਰਿਪੋਰਟ ਤੋਂ ਬਾਅਦ ਅਸੀਂ ਅੰਤਿਮ ਸੰਸਕਾਰ ਕਰਨਾ ਨਹੀਂ ਚਾਹੁੰਦੇ। ਹਾਲਾਂਕਿ ਲਵਪ੍ਰੀਤ ਸਿੰਘ (19), ਨਛੱਤਰ ਸਿੰਘ (65) ਅਤੇ ਦਲਜੀਤ ਸਿੰਘ (42) ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਵਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਅੰਤਿਮ ਵਿਦਾਇਗੀ ਦਿੱਤੀ। ਲਖੀਮਪੁਰ ਖੀਰੀ ਦੀ ਪਾਲੀਆ ਤਹਿਸੀਲ ’ਚ ਪੈਂਦੀ ਲਵਪ੍ਰੀਤ ਸਿੰਘ ਦੀ ਜ਼ਮੀਨ ’ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ, ਇਸ ਮੌਕੇ ਰਾਕੇਸ਼ ਟਿਕੈਤ ਹਾਜ਼ਰ ਸਨ। ਲਖੀਮਪੁਰ ਖੀਰੀ ਦੀ ਧੌਰਹਾਰਾ ਤਹਿਸੀਲ ਦੇ ਮ੍ਰਿਤਕ ਕਿਸਾਨ ਨਛੱਤਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ ਨੇ ਵਿਖਾਈ, ਜੋ ਸ਼ਾਸਤਰ ਸੀਮਾ ਬਲ (ਐੱਸ.ਐੱਸ.ਬੀ.) ’ਚ ਤਾਇਨਾਤ ਹੈ। ਬਹਿਰਾਈਚ ’ਚ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ।
ਉੱਤਰ ਪ੍ਰਦੇਸ਼ ਪੁਲਿਸ ਵਲੋਂ ਦਰਜ ਕੀਤੀ ਐੱਫ.ਆਈ.ਆਰ. ਮੁਤਾਬਿਕ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ਼ ਮੋਨੂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕਾਰ ਚੜ੍ਹਾਈ ਤੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਬਹਿਰਾਈਚ ਜ਼ਿਲ੍ਹੇ ਦੇ ਜਗਜੀਤ ਸਿੰਘ ਵਲੋਂ ਦਰਜ ਕਰਵਾਈ ਐੱਫ.ਆਈ.ਆਰ. ਅਨੁਸਾਰ ਇਹ ਸਾਰੀ ਘਟਨਾ ਪਹਿਲਾਂ ਤੋਂ ਸੋਚੀ ਸਮਝੀ ਸੀ, ਜਿਸ ਸਬੰਧੀ ਮੰਤਰੀ ਤੇ ਉਸ ਦੇ ਬੇਟੇ ਵਲੋਂ ਸਾਜ਼ਿਸ਼ ਰਚੀ ਗਈ ਸੀ। ਐੱਫ.ਆਈ.ਆਰ. ’ਚ ਅਸ਼ੀਸ਼ ਮਿਸ਼ਰਾ ਅਤੇ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ, ਅਪਰਾਧਕ ਸਾਜ਼ਿਸ਼, ਹਿੰਸਾ ਅਤੇ ਤੇਜ਼ ਰਫ਼ਤਾਰ ’ਚ ਗੱਡੀ ਚਲਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ, ਐੱਫ.ਆਈ.ਆਰ. ’ਚ ਉਸ ਦੇ ਪਿਤਾ ਦਾ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਹੈ।


Share