ਲਖਵਿੰਦਰ ਜੌਹਲ ਦੀ ਚੋਣ ਪੰਜਾਬੀ ਸਾਹਿਤ ਅਕਾਡਮੀ ਲਈ ਨਵੀ ਪੁਲਾਂਘ : ਵੈਨਕੂਵਰ ਵਿਚਾਰ ਮੰਚ

279
Share

ਸਰੀ, 25 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਪ੍ਰਸਿੱਧ ਪੰਜਾਬੀ ਸ਼ਾਇਰ ਲਖਵਿੰਦਰ ਜੌਹਲ ਨੂੰ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਚੁਣੇ ਜਾਣ ’ਤੇ ਕੈਨੇਡੀਅਨ ਸਾਹਿਤਕ ਹਲਕਿਆਂ ਵਿਚ ਡਾਢੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਸੰਬੰਧ ਵਿਚ ਵੈਨਕੂਵਰ ਵਿਚਾਰ ਮੰਚ ਨੇ ਇਕ ਆਪਣੀ ਵਿਸ਼ੇਸ਼ ਮੀਟਿੰਗ ਕਰਕੇ ਲਖਵਿੰਦਰ ਜੌਹਲ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਇਸ ਚੋਣ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬੀ ਸਾਹਿਤਕਾਰਾਂ ਨੇ ਆਪਸੀ ਇਕਮੁੱਠਤਾ ਦਾ ਪ੍ਰਗਟਾਵਾ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਹਿਰ ਮੋਹਨ ਗਿੱਲ ਅਤੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੇ ਕਿਹਾ ਕਿ ਲਖਵਿੰਦਰ ਜੌਹਲ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਵੀ ਹਨ ਤੇ ਬਹੁਤ ਸਾਰੀਆਂ ਸੰਸਥਾਵਾਂ ਵਿਚ ਉਨ੍ਹਾਂ ਨੇ ਪੰਜਾਬੀ ਸਾਹਿਤ ਲਈ ਪੰਜਾਬੀ ਕਲਾ ਲਈ ਬੇਹੱਦ ਵਰਨਣਯੋਗ ਕਾਰਜ ਕੀਤਾ ਹੈ। ਉਨ੍ਹਾਂ ਦੀ ਚੋਣ ਨਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਚ ਨਵੀਆਂ ਪੈੜਾਂ ਪਾਉਣ ਦੇ ਸਮਰੱਥ ਹੋਵੇਗੀ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਨਵੀਂਆਂ ਦਿਸ਼ਾਵਾਂ ਸਿਰਜਣ ਅਤੇ ਨਵੇਂ ਸਾਹਿਤਕ ਕਾਰਜ ਕਰਨ ਵਿਚ ਸਫਲ ਹੋਵੇਗੀ।
ਮੀਟਿੰਗ ਵਿਚ ਸ਼ਾਮਲ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਚਿੱਤਰਕਾਰ, ਸ਼ਾਇਰ ਹਰਦਮ ਸਿੰਘ ਮਾਨ, ਅੰਗਰੇਜ਼ ਬਰਾੜ ਅਤੇ ਪਰਮਜੀਤ ਸੇਖੋਂ ਨੇ ਵੀ ਲਖਵਿੰਦਰ ਜੌਹਲ ਦੀ ਇਸ ਚੋਣ ਉੱਪਰ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਦਿਲੀ ਮੁਬਾਰਕਬਾਦ ਪੇਸ਼ ਕੀਤੀ ਹੈ।
ਇੱਕ ਵੱਖਰੇ ਬਿਆਨ ਰਾਹੀਂ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਨੇ ਕਿਹਾ ਹੈ ਕਿ ਲਖਵਿੰਦਰ ਜੌਹਲ ਦੇ ਨਾਮ ’ਤੇ ਪੰਜਾਬੀ ਸਾਹਿਤ ਅਕੈਡਮੀ ਦੀ ਪ੍ਰਧਾਨਗੀ ਲਈ ਹੋਈ ਸਰਬਸੰਮਤੀ ਪੰਜਾਬੀ ਸਾਹਿਤਕ ਖੇਤਰ ਲਈ ਇਕ ਚੰਗਾ ਕਦਮ ਹੈ।

Share