ਰੌਬ ਐਲੀਮੈਂਟਰੀ ਸਕੂਲ ’ਚ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਮਾਪਿਆਂ ਵੱਲੋਂ ਪੁਲਿਸ ਮੁੱਖੀ ਨੂੰ ਬਰਖਾਸਤ ਕਰਨ ਦੀ ਮੰਗ

123
Share

ਸੈਕਰਾਮੈਂਟੋ, 22 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਵਾਲਡੇ, ਟੈਕਸਾਸ ਦੇ ਸਕੂਲ ਬੋਰਡ ਦੀ ਹੋਈ ਮੀਟਿੰਗ ਵਿਚ ਰੌਬ ਐਲੀਮੈਂਟਰੀ ਸਕੂਲ ਵਿਚ ਪਿਛਲੇ ਮਹੀਨੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਪ੍ਰਤੀ ਗੁੱਸਾ ਤੇ ਬੇਵਸੀ ਵੇਖਣ ਨੂੰ ਮਿਲੀ। ਮੀਟਿੰਗ ਦੌਰਾਨ ਉਦਾਸੀ ਦਾ ਮਾਹੌਲ ਬਣਿਆ ਰਿਹਾ। ਮੀਟਿੰਗ ਵਿਚ ਗੋਲੀਬਾਰੀ ਦਾ ਸ਼ਿਕਾਰ ਬਣੇ ਬੱਚਿਆਂ ਦੇ ਮਾਪਿਆਂ ਤੇ ਸਥਾਨਕ ਵਾਸੀਆਂ ਵਿਚੋਂ 8 ਲੋਕਾਂ ਨੇ ਸੰਬੋਧਨ ਕੀਤਾ। ਮਾਪਿਆਂ ਨੇ ਸਕੂਲ ਵਿਚ ਸੁਰੱਖਿਆ ਦੀ ਘਾਟ ਦਾ ਜ਼ਿਕਰ ਕਰਦਿਆਂ ਮੰਗ ਕੀਤੀ ਕਿ ਉਵਾਲਡੇ ਸਕੂਲ ਡਿਸਟਿ੍ਰਕਟ ਪੁਲਿਸ ਮੁੱਖੀ ਪੈਡਰੋ ‘ਪੇਟੇ’ ਅਰੈਡੋਨਡੂ ਨੂੰ ਬਰਖਾਸਤ ਕੀਤਾ ਜਾਵੇ। ਗੋਲੀਬਾਰੀ ਵਿਚ ਮਾਰੇ ਗਏ ਬੱਚੇ ਅਲੀਥੀਆ ਰਾਮੀਰੇਜ਼ ਦੇ ਪਿਤਾ ਰੀਆਨ ਰਾਮਿਰੇਜ਼ ਤੇ ਹੋਰ ਮਾਪਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੋਲੀਬਾਰੀ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਮੌਕੇ ਉਪਰ ਪੁੱਜੇ ਸਨ ਪਰੰਤੂ ਉਨ੍ਹਾਂ ਨੇ ਸਥਿਤੀ ਨੂੰ ਠੀਕ ਢੰਗ ਨਾਲ ਨਹੀਂ ਨਜਿੱਠਿਆ। ਮਾਪਿਆਂ ਨੇ ਕਿਹਾ ਕਿ ਸਥਿਤੀ ਨੂੰ ਠੀਕ ਢੰਗ ਨਾਲ ਨਾ ਨਜਿੱਠਣ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਰੌਬ ਐਲੀਮੈਂਟਰੀ ਸਕੂਲ ’ਚ ਤਕਰੀਬਨ ਇਕ ਮਹੀਨਾ ਪਹਿਲਾਂ ਹੋਈ ਗੋਲੀਬਾਰੀ ਵਿਚ 19 ਬੱਚੇ ਤੇ 2 ਅਧਿਆਪਕ ਮਾਰੇ ਗਏ ਸਨ।

Share