ਰੋਜ਼ੀ-ਰੋਟੀ ਤੋਂ ਵਾਂਝੇ ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੀ ਸਰਬੱਤ ਦਾ ਭਲਾ ਟਰੱਸਟ ਨੇ ਲਈ ਸਾਰ  

891
ਸਰਬੱਤ ਦਾ ਭਲਾ ਟਰੱਸਟ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਲੋੜਵੰਦ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਨੂੰ ਰਾਸ਼ਨ ਵੰਡਣ ਮੌਕੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ,ਗੁਰਵਿੰਦਰ ਕੌਰ ਤੇ ਹੋਰ।
Share

ਸੁਲਤਾਨਪੁਰ ਲੋਧੀ ‘ਚ 40 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਦਿੱਤਾ ਸੁੱਕਾ ਰਾਸ਼ਨ
ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਤੇ ਸਹੀ ਅਰਥਾਂ ‘ਚ ਪਹਿਰਾ ਦੇ ਰਹੇ ਨੇ ਡਾ.ਓਬਰਾਏ : ਸੰਤ ਸੀਚੇਵਾਲ
ਹੁਣ ਤੱਕ ਗ੍ਰੰਥੀ ਸਿੰਘਾਂ ਦੇ 800 ਪਰਿਵਾਰਾਂ ਨੂੰ ਦਿੱਤਾ ਰਾਸ਼ਨ ਅਤੇ 6 ਮਹੀਨਿਆਂ ਤੱਕ ਜਾਰੀ ਰਹੇਗੀ ਇਹ ਸੇਵਾ : ਟਰੱਸਟ
ਸੁਲਤਾਨਪੁਰ ਲੋਧੀ/ਕਪੂਰਥਲਾ, 16 ਮਈ (ਪੰਜਾਬ ਮੇਲ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਉੱਭਰੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਬੇਰੁਜ਼ਗਾਰ ਹੋਏ  40 ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਪਹਿਲੇ ਪੜਾਅ ਤਹਿਤ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਇਸ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਪਦਮ ਸ੍ਰੀ ਅਵਾਰਡ ਪ੍ਰਾਪਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਤੇ ਸਹੀ ਅਰਥਾਂ ‘ਚ ਪਹਿਰਾ ਦੇ ਕੇ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਅਥਾਹ ਸੇਵਾ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਵੱਲੋਂ ਬਿਨਾਂ ਕਿਸੇ ਭੇਦ ਭਾਵ ਦੇ ਕੀਤੇ ਜਾਂਦੇ ਉਪਕਾਰਾਂ ਦੀ ਬਦੌਲਤ ਅੱਜ  ਸਿੱਖ ਕੌਮ ਦੇ ਨਾਲ-ਨਾਲ ਸਮੁੱਚੀ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਇਸੇ ਦੌਰਾਨ ਸੁਲਤਾਨਪੁਰ ਲੋਧੀ ਤੋਂ ਟਰੱਸਟ ਦੇ ਮੈਂਬਰ ਗੁਰਵਿੰਦਰ ਕੌਰ ਤੇ ਤਜਿੰਦਰ ਸਿੰਘ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਸੁਲਤਾਨਪੁਰ ਲੋਧੀ ਵਿਖੇ ਬੇਰੁਜ਼ਗਾਰ ਹੋਏ 150 ਪਾਠੀ ਸਿੰਘਾਂ ਤੇ ਸਿੱਖ ਪ੍ਰਚਾਰਕਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਅੱਜ 40  ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ ਹੈ । ਉਨ੍ਹਾਂ ਦੱਸਿਅਾ ਕਿ ਡਾ.ਓਬਰਾਏ ਵੱਲੋਂ ਦੇਸ਼ ‘ਚ ਚੱਲ ਰਹੇ ਸੰਕਟਮਈ ਮਹੌਲ ਕਾਰਨ ਵੱਖ-ਵੱਖ ਗੁਰੂ ਘਰਾਂ ਜਾਂ ਸੰਗਤਾਂ ਦੇ ਘਰਾਂ ‘ਚ ਚੱਲਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ ਧਾਰਮਿਕ ਸਮਾਗਮਾਂ ਦੌਰਾਨ ਸਿੱਖ ਧਰਮ ਦਾ ਪ੍ਰਚਾਰ ਆਦਿ ਬੰਦ ਹੋਣ ਕਾਰਨ ਰੋਜ਼ੀ-ਰੋਟੀ ਤੋਂ ਆਤੁਰ ਹੋਏ  ਅੰਮ੍ਰਿਤਸਰ,ਮੁਕਤਸਰ ਸਾਹਿਬ,ਫ਼ਾਜ਼ਿਲਕਾ, ਗੜ੍ਹਸ਼ੰਕਰ,ਲੁਧਿਆਣਾ ਅਤੇ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਸਿੱਖ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਦੇ 800 ਦੇ ਕਰੀਬ ਪਰਿਵਾਰਾਂ ਨੂੰ ਹੁਣ ਤੱਕ ਇੱਕ-ਇੱਕ ਮਹੀਨੇ ਦਾ ਰਾਸ਼ਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਡਾ.ਓਬਰਾਏ ਨੂੰ ਲੋੜਵੰਦ ਪਾਠੀ ਸਿੰਘਾਂ ਤੇ ਸਿੱਖ ਪ੍ਰਚਾਰਕਾਂ ਦੀਆਂ ਸੂਚੀਆਂ ਹਰ ਰੋਜ਼ ਪਹੁੰਚ ਰਹੀਆਂ ਹਨ,ਜਿਨ੍ਹਾਂ ਨੂੰ ਉਨ੍ਹਾਂ ਵੱਲੋਂ 6 ਮਹੀਨਿਆਂ ਤੱਕ ਹਰ ਮਹੀਨੇ 20-20 ਕਿੱਲੋ ਸੁੱਕੇ ਰਾਸ਼ਨ ਦੀ ਕਿੱਟ ਦਿੱਤੀ ਜਾਇਆ ਕਰੇਗੀ।
ਇਸ ਦੌਰਾਨ ਰਾਸ਼ਨ ਪ੍ਰਾਪਤ ਕਰਨ ਵਾਲੇ ਸਿੱਖ ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾਂ ਨੇ ਵੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਸਭ ਤੋਂ ਅੱਗੇ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਉਨ੍ਹਾਂ  ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਵੀ ਕੀਤੀ। ਇਸ ਮੌਕੇ ਜੋਗਿੰਦਰ ਸਿੰਘ,ਸੁਖਚੈਨ ਸਿੰਘ,ਪ੍ਰਦੀਪ ਯਾਦਵ,ਗੁਰਵਿੰਦਰ ਸਿੰਘ ਬੋਪਾਰਾਏ ਅਾਦਿ ਵੀ ਮੌਜੂਦ ਸਨ।


Share