ਰੈਲੀ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨ ਮੁੰਬਈ ਪਹੁੰਚੇ

376
Share

ਮੁੰਬਈ, 25 ਜਨਵਰੀ (ਪੰਜਾਬ ਮੇਲ)- ਮੁੰਬਈ ਦੇ ਆਜ਼ਾਦ ਮੈਦਾਨ ਵਿੱਚ 25 ਜਨਵਰੀ ਨੂੰ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹਜ਼ਾਰਾਂ ਕਿਸਾਨ ਮੁੰਬਈ ਪਹੁੰਚ ਗੲੇ ਹਨ। ਉੱਧਰ, ਦੱਖਣੀ ਮੁੰਬਈ ਵਿੱਚ ਰੈਲੀ ਵਾਲੇ ਸਥਾਨ ’ਤੇ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਰਾਜ ਦੀ ਰਿਜ਼ਰਵ ਪੁਲੀਸ ਫੋਰਸ ਦੇ ਜਵਾਨ ਇਸ ਜਗ੍ਹਾ ’ਤੇ ਤਾਇਨਾਤ ਕਰ ਦਿੱਤੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਰੈਲੀ ’ਤੇ ਨਜ਼ਰ ਰੱਖਣ ਲਈ ਡਰੋਨਾਂ ਦਾ ਇਸਤੇਮਾਲ ਵੀ ਕੀਤਾ ਜਾਵੇਗਾ।
ਕਸਾਰਾ ਘਾਟ ਤੋਂ ਵੱਡੀ ਗਿਣਤੀ ਕਿਸਾਨਾਂ ਵੱਲੋਂ ਸੱਤ ਕਿਲੋਮੀਟਰ ਲੰਬਾ ਮਾਰਚ ਕੱਢਿਆ ਗਿਆ ਜਿਸ ਵਿੱਚ ਔਰਤਾਂ ਨੇ ਵਧ-ਚੜ੍ਹ ਕੇ ਭਾਗ ਲਿਆ। ਇਸ ਮਾਰਚ ਦਾ ਰਸਤੇ ’ਚ ਇਗਤਪੁਰੀ ਤੇ ਸ਼ਾਹਾਪੁਰ ਤਹਿਸੀਲਾਂ ਦੀਆਂ ਫੈਕਟਰੀਆਂ ਦੇ ਸੀਟੂ ਨਾਲ ਸਬੰਧਤ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਕਲਿਆਣ-ਭਿਵੰਡੀ ਸੜਕ ’ਤੇ ਕਿਸਾਨਾਂ ਨੂੰ ਖਾਣੇ ਦੇ ਪੈਕੇਟ ਦਿੱਤੇ ਗਏ। ਉਪਰੰਤ ਮੁਲੰਡ ਨਾਕੇ ਰਾਹੀਂ ਕਿਸਾਨ ਮੁੰਬਈ ’ਚ ਦਾਖ਼ਲ ਹੋਏ।
ਮੁੰਬਈ ਰੈਲੀ ਵਿੱਚ ਸ਼ਾਮਲ ਹੋਣ ਲਈ ਕਰੀਬ 15000 ਕਿਸਾਨ ਵੱਖ-ਵੱਖ ਟੈਂਪੂਆਂ ਤੇ ਹੋਰ ਵਾਹਨਾਂ ਰਾਹੀਂ ਨਾਸਿਕ ਤੋਂ ਨਿਕਲ ਚੁੱਕੇ ਹਨ।
ਵੱਖ-ਵੱਖ ਥਾਵਾਂ ਤੋਂ ਕਿਸਾਨ ਨਾਸਿਕ ਵਿੱਚ ਇਕੱਠੇ ਹੋਏ ਅਤੇ ਉੱਥੋਂ ਮੁੰਬਈ ਰੈਲੀ ’ਚ ਸ਼ਮੂਲੀਅਤ ਕਰਨ ਲਈ ਨਿਕਲ ਚੁੱਕੇ ਸਨ। ਵੱਡੀ ਗਿਣਤੀ ਕਿਸਾਨ ਰਸਤੇ ਵਿੱਚ ਇਸ ਕਾਫ਼ਲੇ ’ਚ ਸ਼ਾਮਲ ਹੋਣਗੇ। ਕਸਾਰਾ ਘਾਟ ਤੋਂ ਵੀ ਵੱਡੀ ਗਿਣਤੀ ਕਿਸਾਨਾਂ ਨੇ ਮੁੰਬਈ ਲਈ ਪੈਦਲ ਹੀ ਚਾਲੇ ਪਾ ਦਿੱਤੇ, ਹਾਲਾਂਕਿ ਕਈ ਕਿਸਾਨ ਵਾਹਨਾਂ ’ਚ ਮੁੰਬਈ ਲਈ ਨਿਕਲ ਗਏ ਹਨ। ਇਹ ਰੈਲੀ ਤਿੰਨ ਕਿਸਾਨ ਬਿੱਲਾਂ ਨੂੰ ਰੱਦ ਕਰਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਲਈ ਕੀਤੀ ਜਾ ਰਹੀ ਹੈ।
ਸਮਯੁਕਤ ਕਿਸਾਨ ਮੋਰਚੇ ਵੱਲੋਂ 23 ਜਨਵਰੀ ਤੋਂ 26 ਜਨਵਰੀ ਤੱਕ ਸਾਰੇ ਸੂਬਿਆਂ ਵਿੱਚ ਰਾਜਭਵਨਾਂ ਦੇ ਘਿਰਾਓ ਸਮੇਤ ਕੌਮੀ ਪੱਧਰੀ ਸੰਘਰਸ਼ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਮੁੰਬਈ ਵਿੱਚ ਹੋਈ ਇਕ ਮੀਟਿੰਗ ਦੌਰਾਨ 100 ਜਥੇਬੰਦੀਆਂ ਨੇ ਮਿਲ ਕੇ ਸਮਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਮਹਾਰਾਸ਼ਟਰ ਬਣਾਇਆ ਸੀ ਅਤੇ ਇਸ ਮੋਰਚੇ ਨੇ 24 ਤੋਂ 26 ਜਨਵਰੀ ਤੱਕ ਸਾਂਝੇ ਤੌਰ ’ਤੇ ਇੱਥੋਂ ਦੇ ਆਜ਼ਾਦ ਮੈਦਾਨ ਵਿੱਚ ਬੈਠਣ ਦਾ ਸੱਦਾ ਦਿੱਤਾ ਸੀ।


Share