ਰੇਲ ਰੋਕੋ ਅੰਦੋਲਨ; ਪਰਾਲੀ ਸਬੰਧੀ ਨਵਾਂ ਕਾਨੂੰਨ ਲਿਆਉਣ ਕਾਰਨ ਕਿਸਾਨਾਂ ਦਾ ਪਾਰਾ ਚੜ੍ਹਿਆ

406
ਜੰਡਿਆਲਾ ਗੁਰੂ ਰੇਲ ਪਟੜੀ 'ਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Share

ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਜੰਡਿਆਲਾ ਗੁਰੂ, 30 ਅਕਤੂਬਰ (ਪੰਜਾਬ ਮੇਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ‘ਰੇਲ ਰੋਕੋ ਅੰਦੋਲਨ’ ਜਾਰੀ ਰਿਹਾ ਅਤੇ 5 ਨਵੰਬਰ ਦੇ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੀਟਿੰਗਾਂ ‘ਚ ਲਾਮਬੰਦੀ ਜ਼ੋਰਾਂ ‘ਤੇ ਹਨ। ਰੇਲ ਪਟੜੀ ਜੰਡਿਆਲਾ ਗੁਰੂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇੱਕ ਨਵਾਂ ਕਾਨੂੰਨ ਬਿਨਾਂ ਮਾਹਿਰਾਂ ਦੀ ਸਲਾਹ ਤੋਂ ਜਲਦਬਾਜ਼ੀ ਵਿਚ ਲਿਆਉਣ ਜਾ ਰਹੀ ਹੈ, ਜਿਸ ਵਿਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਨੂੰ 5 ਸਾਲ ਦੀ ਸਜ਼ਾ ਅਤੇ 1 ਕਰੋੜ ਰੁਪਏ ਜੁਰਮਾਨੇ ਬਾਰੇ ਕਿਹਾ ਜਾ ਰਿਹਾ ਹੈ। ਜਦ ਕਿ ਪਹਿਲਾਂ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਖਪਾਉਣ ਲਈ ਪਹਿਲਾਂ 2400 ਰੁਪਏ ਦੇਣ ਜਾਂ ਖੇਤੀ ਮਸ਼ੀਨਰੀ ਸਸਤੀ ਦੇਣ ਅਤੇ ਪਰਾਲੀ ਗਾਲਣ ਦਾ ਹੱਲ ਕਰਨ ਦੀ ਗੱਲ ਅਜੇ ਤੱਕ ਲਾਗੂ ਨਹੀਂ ਹੋਈ। ਉਨ੍ਹਾ ਕਿਹਾ ਕਿ ਫਾਸ਼ੀਵਾਦੀ ਨੀਤੀ ਭਾਰਤ ਦੇ ਕਿਸਾਨਾਂ ਨੂੰ ਦਰੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਭਾਰਤ ਦੀ ਇੰਡਸਟਰੀ ਦਾ 51 ਫ਼ੀਸਦੀ ਪ੍ਰਦੂਸ਼ਣ ਸਮੇਤ ਗੋਦੀ ਮੀਡੀਆ ਕਿਸੇ ਨੂੰ ਨਹੀਂ ਦਿਸਦਾ, ਕਿਸਾਨਾਂ ਦੀ ਪਰਾਲੀ ਦਾ ਧੂੰਆਂ ਹੀ ਅਸਮਾਨੀਂ ਚੜ੍ਹਦਾ ਹੈ।
ਆਗੂਆਂ ਨੇ ਕਿਹਾ ਮਾਲ ਗੱਡੀਆਂ ਰੋਕ ਕੇ ਕੇਂਦਰ ਨੇ ਪਹਿਲਾਂ ਕਿਹੜਾ ਘੱਟ ਜੁਰਮ ਕੀਤਾ ਹੈ ਉੱਤੋਂ ਕਿਸਾਨਾਂ ਦਾ ਰਾਖਾ ਅਖਵਾਉਣ ਵਾਲੀ ਕੈਪਟਨ ਸਰਕਾਰ ਨੇ ਸੈਕਸ਼ਨ 11 ਤਹਿਤ ਕਾਨੂੰਨ ਬਣਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਆਪ ਬਹਾਨਾ ਲਗਾ ਕੇ ਮਾਲ ਗੱਡੀਆਂ ਬੰਦ ਕਰ ਕੇ ਇਸ ਦਾ ਭਾਂਡਾ ਕਿਸਾਨ ਜਥੇਬੰਦੀਆਂ ਸਿਰ ਭੰਨ ਰਹੀ ਹੈ।


Share