ਰੇਲਵੇ ਵੱਲੋਂ ਮੋਦੀ ਨਾਲ ਸਿੱਖਾਂ ਦੇ ਸਬੰਧਾਂ ਬਾਰੇ ਜਾਰੀ ਕਿਤਾਬਚੇ ਦਾ ਵਿਰੋਧ

552
Share

ਕਿਤਾਬਚਾ ਝੂਠ ਦਾ ਪੁਲੰਦਾ : ਬੀਬੀ ਜਗੀਰ ਕੌਰ
ਪਟਿਆਲਾ, 15 ਦਸੰਬਰ (ਪੰਜਾਬ ਮੇਲ)- ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਸਬੰਧਾਂ ਬਾਰੇ ਭੇਜਿਆ ਕਿਤਾਬਚਾ ਚਰਚਾ ਵਿਚ ਹੈ। ਇਹ ਕਿਤਾਬਚਾ 47 ਸਫਿਆਂ ਦਾ ਹੈ, ਜੋ ਈਮੇਲ ਰਾਹੀਂ ਮੁਸਾਫ਼ਰਾਂ ਨੂੰ ਭੇਜਿਆ ਗਿਆ ਹੈ। ਇਸ ਵਿਚ ਸਿੱਖਾਂ ਨਾਲ ਪ੍ਰਧਾਨ ਮੰਤਰੀ ਦੇ ਰਿਸ਼ਤਿਆਂ ਦੀ ਭਰਪੂਰ ਚਰਚਾ ਕੀਤੀ ਗਈ ਹੈ। ਰੇਲਵੇ ਦੀ ਇਸ ਕਾਰਵਾਈ ਦਾ ਵਿਰੋਧ ਹੋਣ ਲੱਗ ਪਿਆ ਹੈ। ਜਾਣਕਾਰੀ ਅਨੁਸਾਰ ਆਈ.ਆਰ.ਸੀ.ਟੀ.ਸੀ. ਨੇ ਦੋ ਕਰੋੜ ਦੇ ਕਰੀਬ ਈ-ਮੇਲਾਂ ਮੁਸਾਫ਼ਰਾਂ ਨੂੰ ਭੇਜੀਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ‘ਚ ਕੰਮ ਕਰਦੇ ਐਡਵੋਕੇਟ ਗਗਨਦੀਪ ਸਿੰਘ ਘੀੜੇ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਅਮਨਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਰੇਲ ਵਿਚ ਸਫ਼ਰ ਕੀਤਾ ਸੀ, ਉਨ੍ਹਾਂ ਨੂੰ ਵੀ ਆਈ.ਆਰ.ਸੀ.ਟੀ.ਸੀ. ਵਲੋਂ ਭੇਜੀ ਈਮੇਲ ਆਈ ਹੈ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸਿੱਖਾਂ ਨਾਲ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਈਮੇਲ ਭੇਜਣ ਦਾ ਅਰਥ ਹੈ ਕਿ ਉਨ੍ਹਾਂ ਦੀ ਨਿੱਜੀ ਈਮੇਲ ਨੂੰ ਕੇਂਦਰ ਸਰਕਾਰ ਆਪਣੇ ਮਨੋਰਥ ਲਈ ਵਰਤ ਰਹੀ ਹੈ। ਅੱਜਕੱਲ੍ਹ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਇਸ ਵੇਲੇ ਸਿੱਖਾਂ ਨਾਲ ਪ੍ਰਧਾਨ ਮੰਤਰੀ ਦੇ ਸਬੰਧਾਂ ਬਾਰੇ ਮੁਸਾਫ਼ਰਾਂ ਨੂੰ ਈਮੇਲ ਭੇਜਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਕਿਤਾਬਚੇ ‘ਚ ਦਿੱਤੀ ਜਾਣਕਾਰੀ ਵੀ ਗ਼ਲਤ ਹੈ। ਅੱਜ ਤੱਕ ਕਦੇ ਵੀ ਭਾਜਪਾ ਨੇ ਗੁਰਦੁਆਰਿਆਂ ਦੇ ਬਾਹਰ ਲੰਗਰ ਨਹੀਂ ਲਗਾਏ ਪਰ ਇਸ ਕਿਤਾਬਚੇ ‘ਚ ਦਰਜ ਹੈ ਕਿ ਭਾਜਪਾ ਨੇ ਗੁਰਦੁਆਰਿਆਂ ‘ਚ ਲੰਗਰ ਲਗਾਏ ਹਨ। ਵਕੀਲਾਂ ਨੇ ਕਿਹਾ ਹੈ ਕਿ ਜੇਕਰ ਇਸ ਸਬੰਧੀ ਉਨ੍ਹਾਂ ਕੋਲ ਕੋਈ ਸਪੱਸ਼ਟੀਕਰਨ ਨਾ ਆਇਆ ਤਾਂ ਉਹ ਆਈ.ਆਰ.ਸੀ.ਟੀ.ਸੀ. ਨੂੰ ਅਦਾਲਤ ਵਿਚ ਘੜੀਸਣਗੇ। ਇਸ ਸਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਗਜ਼ੈਕਟਿਵ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਈ-ਮੇਲਾਂ ਭੇਜਣ ਨਾਲ ਕਿਸਾਨੀ ਸੰਘਰਸ਼ ਖ਼ਤਮ ਨਹੀਂ ਹੋਵੇਗਾ। ਮੋਦੀ ਸਰਕਾਰ ਨੂੰ ਇਸ ਤਰ੍ਹਾਂ ਈ-ਮੇਲਾਂ ਭੇਜਣ ਦੀ ਥਾਂ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਇਸ ਈਮੇਲ ਬਾਰੇ ਆਈ.ਆਰ.ਸੀ.ਟੀ.ਸੀ. ਨੇ ਕਿਹਾ ਹੈ ਕਿ ਇਹ ਈਮੇਲ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਨਹੀਂ ਹੈ, ਸਗੋਂ ਇਹ ਤਾਂ ਪ੍ਰਧਾਨ ਮੰਤਰੀ ਦੇ ਸਿੱਖਾਂ ਨਾਲ ਚੰਗੇ ਸਬੰਧਾਂ ਦੀ ਚਰਚਾ ਕੀਤੀ ਗਈ ਹੈ। ਆਈ.ਆਰ.ਸੀ.ਟੀ.ਸੀ. ਨੇ ਇਸ ਤਰ੍ਹਾਂ ਈ-ਮੇਲਾਂ ਭੇਜਣਾਂ ਗੈਰ ਕਾਨੂੰਨੀ ਹੋਣ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਪਹਿਲਾਂ ਤਾਂ ਇਹ ਕਿਤਾਬਚਾ ਇਸ ਮੌਕੇ ਈਮੇਲ ਰਾਹੀਂ ਭੇਜਣਾ ਗ਼ਲਤ ਹੈ, ਦੂਜੇ ਪਾਸੇ ਅਸੀਂ ਜੇਕਰ ਨਰਿੰਦਰ ਮੋਦੀ ਨੂੰ ਆਪਣੇ ਸਮਾਗਮਾਂ ‘ਚ ਬੁਲਾਇਆ ਹੈ, ਤਾਂ ਉਨ੍ਹਾਂ ਨੂੰ ਬਤੌਰ ਪ੍ਰਧਾਨ ਮੰਤਰੀ ਬੁਲਾਇਆ ਹੈ। ਇਸ ਕਿਤਾਬਚੇ ‘ਚ ਇਹ ਕੋਰਾ ਝੂਠ ਹੈ ਕਿ ਭਾਜਪਾ ਨੇ ਕਿਤੇ ਗੁਰਦੁਆਰਿਆਂ ਬਾਹਰ ਲੰਗਰ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਝੂਠ ਦਾ ਪੁਲੰਦਾ ਹੈ।


Share