ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਨੂੰ ਨਾਇਕ ਵਜੋਂ ਕੀਤਾ ਯਾਦ

116
Share

ਲਾਸ ਏਂਜਲਸ, 30 ਮਈ (ਪੰਜਾਬ ਮੇਲ)- ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਦੌਰਾਨ ਮਾਰੇ ਗਏ ਭਾਰਤੀ-ਅਮਰੀਕੀ ਮੂਲ ਦੇ ਸਿੱਖ ਤਪਤੇਜਦੀਪ ਸਿੰਘ ਨੂੰ ਇੱਕ ਨਾਇਕ ਵਜੋਂ ਯਾਦ ਕੀਤਾ ਗਿਆ, ਜੋ ਆਪਣੀ ਜ਼ਿੰਦਗੀ ਦੂਜਿਆਂ ਦੀ ਸੁਰੱਖਿਆ ਲਈ ਜਿਊਂਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤਪਤੇਜਦੀਪ ਸਿੰਘ ਇੱਕ ਨਾਇਕ ਹੀ ਸੀ, ਜੋ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਲੱਗਿਆ ਰਹਿੰਦਾ ਸੀ। ਕੈਲੀਫੋਰਨੀਆ ਦੇ ਰੇਲ ਯਾਰਡ ਵਿਚ ਹੋਈ ਗੋਲੀਬਾਰੀ ਦੌਰਾਨ 9 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚ ਤਪਤੇਜਦੀਪ ਸਿੰਘ ਵੀ ਸ਼ਾਮਲ ਸੀ।
ਗੋਲੀਬਾਰੀ ਬੁੱਧਵਾਰ ਸਵੇਰੇ ਲਗਪਗ ਸਾਢੇ 6 ਵਜੇ ਸੈਨਹੋਜ਼ੇ ਵਿਚ ‘ਵੈਲੀ ਟਰਾਂਸਪੋਰਟੇਸ਼ਨ ਅਥਾਰਟੀ (ਵੀ.ਟੀ.ਏ.) ਦੀਆਂ ਦੋ ਇਮਾਰਤਾਂ ਵਿਚ ਹੋਈ ਸੀ। ਇਹ ਗੋਲੀਬਾਰੀ ਰੱਖ-ਰਖਾਅ ਕਰਮਚਾਰੀ ਸੈਮੂਅਲ ਕੈਸਿਡੀ (57) ਵੱਲੋਂ ਕੀਤੀ ਗਈ ਸੀ। ਤਪਤੇਜਦੀਪ ਸਿੰਘ (36) ਵੀ.ਟੀ.ਏ. ਵਿਚ ਨੌਂ ਸਾਲਾਂ ਤੋਂ ਇੱਕ ਲਾਈਟ ਰੇਲ ਆਪਰੇਟਰ ਵਜੋਂ ਕੰਮ ਕਰਦਾ ਸੀ। ਉਸ ਦੇ ਭਰਾ ਨੇ ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ, ‘‘ਤਪਤੇਜਦੀਪ ਸਿੰਘ ਸਿੱਖ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਦੂਜਿਆਂ ਦੀ ਸੇਵਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੰਮ ਕਰ ਰਿਹਾ ਸੀ।’’ ‘ਯੂ.ਐੱਸ.ਏ. ਟੂਡੇ’ ਨੇ ਬਿਆਨ ਦੇ ਹਵਾਲੇ ਨਾਲ ਇੱਕ ਖ਼ਬਰ ਵਿਚ ਕਿਹਾ, ‘‘ਸਾਨੂੰ ਤਪਤੇਜਦੀਪ ਨੂੰ ਉਸ ਨਾਇਕ ਵਜੋਂ ਯਾਦ ਕਰਨਾ ਚਾਹੀਦਾ ਹੈ, ਜੋ ਦੂਜਿਆਂ ਦੀ ਸੇਵਾ ਲਈ ਜਿਊਂਦਾ ਸੀ।’’ ਤਪਤੇਜਦੀਪ ਸਿੰਘ ਦੇ ਪਰਿਵਾਰ ਵਿਚ ਪਤਨੀ ਅਤੇ ਤਿੰਨ ਸਾਲਾਂ ਦਾ ਇੱਕ ਲੜਕਾ ਅਤੇ ਇੱਕ ਸਾਲ ਦੀ ਧੀ ਹੈ।

Share