ਰੂਸ ਵੱਲੋਂ ਯੂਕ੍ਰੇਨ ‘ਤੇ ਹਮਲਾ

282

ਮਾਸਕੋ, 24 ਫਰਵਰੀ  (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੰਦਿਆਂ ਦੂਜੇ ਦੇਸ਼ਾਂ ਖਾਸ ਤੌਰ ’ਤੇ ਅਮਰੀਕਾ ਦੇ ਨਾਟੋ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਕਾਰਵਾਈ ਵਿੱਚ ਟੰਗ ਨਾ ਅੜਾਉਣ ਤੇ ਜੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਇਸ ਦੇ ਅਜਿਹੇ ਨਤੀਜੇ ਹੋਣਗੇ ਜਿਹੜੇ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਇਸ ਦੌਰਾਨ ਰੂਸੀ ਫ਼ੌਜਾਂ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਹਨ। ਦੂਜੇ ਪਾਸੇ ਯੂਕਰੇਨ ਨੇ ਕਿਹਾ ਹੈ ਕਿ ਉਸ ਦੀਆਂ ਫੌਜਾਂ ਨੇ ਰੂਸ ਦੇ 50 ਫੌਜੀ ਮਾਰ ਦਿੱਤੇ ਹਨ, 6 ਲੜਾਕੂ ਜਹਾਜ਼ ਤੇ 4 ਟੈਂਕ ਤਬਾਹ ਕਰ ਦਿੱਤੇ ਹਨ। ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਲੜਾਈ ’ਚ ਉਨ੍ਹਾਂ ਦੇ 40 ਜਵਾਨ ਮਾਰੇ ਗਏ ਤੇ ਦਰਜਨਾਂ ਜ਼ਖ਼ਮੀ ਹੋਏ ਹਨ।ਪੁਤਿਨ ਨੇ ਕਿਹਾ ਕਿ ਇਹ ਕਰਵਾਈ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਰੂਰੀ। ਇਸ ਦੌਰਾਨ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਟੀਵੀ ਸੰਬੋਧਨ ਵਿੱਚ ਪੁਤਿਨ ਨੇ ਕਿਹਾ ਕਿ ਨਾਟੋ ਆਪਹੁਦਰੀਆਂ ਕਰਕੇ ਰੂਸੀ ਸੁਰੱਖਿਆ ਨੂੰ ਟਿੱਚ ਸਮਝ ਰਿਹਾ ਹੈ। ਯੂਕਰੇਨ ਵੱਲੋਂ ਰੂਸ ਨੂੰ ਖਤਰੇ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦਾ ਮਕਸਦ ਯੂਕਰੇਨ ’ਤੇ ਕਬਜ਼ਾ ਕਰਨਾ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਰੂਸੀ ਹਮਲਾ ਪਹਿਲਾਂ ਤੋਂ ਹੀ ਤੈਅ ਸੀ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਰੂਸ ਦੁਆਰਾ ਪੂਰੀ ਤਾਕਤ ਨਾਲ ਹਮਲੇ ਦੇ ਨਤੀਜੇ ਵਜੋਂ ਜਾਨ ਅਤੇ ਮਾਲ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਯੂਕਰੇਨ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਸਕਦਾ ਹੈ। ਇਸ ਦੇ ਸੰਘਰਸ਼ ਦੇ ਨਤੀਜੇ ਵਜੋਂ ਰੂਸ ‘ਤੇ ਵਿਸ਼ਵਵਿਆਪੀ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਯੂਰਪ ਨੂੰ ਊਰਜਾ ਸਮੱਗਰੀ ਦੀ ਸਪਲਾਈ ‘ਤੇ ਅਸਰ ਪੈ ਸਕਦਾ ਹੈ ਅਤੇ ਵਿਸ਼ਵ ਵਿੱਤੀ ਬਾਜ਼ਾਰ ‘ਤੇ ਵੀ ਗੰਭੀਰ ਪ੍ਰਭਾਵ ਪੈ ਸਕਦਾ ਹੈ।