ਰੂਸ ਵੱਲੋਂ ਭਾਰਤ, ਕਤਰ ਸਮੇਤ 4 ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰਨ ਦਾ ਫੈਸਲਾ

502
Share

ਮਾਸਕੋ, 16 ਜਨਵਰੀ (ਪੰਜਾਬ ਮੇਲ)- ਰੂਸ ਨੇ ਭਾਰਤ ਸਮੇਤ ਚਾਰ ਦੇਸ਼ਾਂ ਨਾਲ ਹਵਾਈ ਯਾਤਰਾ ਮੁੜ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ। ਰੂਸ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਮਾਰੀ ਦੇ ਸ਼ੁਰੂ ਦੇ ਹਫ਼ਤਿਆਂ ’ਚ ਮਾਸਕੋ ਨੇ ਫਿਨਲੈਂਡ, ਵੀਅਤਨਾਮ, ਭਾਰਤ ਅਤੇ ਕਤਰ ਦੀਆਂ ਰਾਜਧਾਨੀ ਨਾਲ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜੋ ਹੁਣ ਕੁਝ ਮਹਾਮਾਰੀ ਸਬੰਧੀ ਮਾਪਦੰਡ ਪੂਰਾ ਕਰਨ ਤੋਂ ਬਾਅਦ 27 ਜਨਵਰੀ ਤੋਂ ਮੁੜ ਸ਼ੁਰੂ ਹੋਣਗੀਆਂ।
ਭਾਰਤ, ਫਿਨਲੈਂਡ, ਵੀਅਤਨਾਮ ਅਤੇ ਕਤਰ ’ਚ ਕੋਰੋਨਾ ਮਾਮਲਿਆਂ ’ਚ ਆਈ ਕਮੀ ਨੂੰ ਦੇਖਦੇ ਹੋਏ ਯਾਤਰਾ ਨੂੰ ਕੁਝ ਨਿਯਮ ਜ਼ਰੂਰੀ ਕਰਨ ਦੇ ਨਾਲ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰੂਸ ਦੀ ਸਰਕਾਰ ਦੇ ਕੋਰੋਨਾਵਾਇਰਸ ਮੁੱਖ ਦਫ਼ਤਰ ਦੀ ਇਕ ਬੈਠਕ ਤੋਂ ਬਾਅਦ ਸਾਂਝੇ ਕੀਤੇ ਗਏ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਕਤ ਚਾਰ ਦੇਸ਼ਾਂ ’ਚ ਹਰ 15 ਦਿਨਾਂ ਵਿਚ ਪ੍ਰਤੀ 1 ਲੱਖ ਲੋਕਾਂ ਵਿਚ 40 ਤੋਂ ਵੀ ਘੱਟ ਮਾਮਲੇ ਦੇਖੇ ਜਾ ਰਹੇ ਹਨ। ਰਸ਼ੀਅਨ ਨਿਊਜ਼ ਏਜੰਸੀ ਮੁਤਾਬਕ, ਮਾਸਕੋ-ਨਵੀਂ ਦਿੱਲੀ ਦਰਮਿਆਨ ਹਫ਼ਤੇ ’ਚ ਦੋ ਵਾਰ ਉਡਾਣ ਸੇਵਾ ਹੋਵੇਗੀ।
ਗੌਰਤਲਬ ਹੈ ਕਿ ਸ਼ਨੀਵਾਰ ਨੂੰ ਰੂਸ ਵਿਚ 24,092 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ, ਜਦੋਂਕਿ 590 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਹਾਮਾਰੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਰੂਸ 3,544,623 ਕੋਰੋਨਾਵਾਇਰਸ ਮਾਮਲੇ ਅਤੇ ਕੁੱਲ 65,058 ਮੌਤਾਂ ਦਰਜ ਕਰ ਚੁੱਕਾ ਹੈ।

Share