ਰੂਸ ਵੱਲੋਂ ਕਰੋਨਾ ਬਾਰੇ ਬਣਾਈ ਵੈਕਸੀਨ ਹਾਲੇ ਸ਼ੱਕ ਦੇ ਘੇਰੇ ‘ਚ

664
Share

-ਕੋਰੋਨਾ ਵੈਕਸੀਨ ਬਣਾਉਣ ਵਾਲਾ ਰੂਸ ਬਣਿਆ ਪਹਿਲਾ ਦੇਸ਼
-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੇ ਕਈ ਸਵਾਲ, ਨਾਗਰਿਕਾਂ ਲਈ ਹੋ ਸਕਦੈ ਖ਼ਤਰਾ
ਮਾਸਕੋ, 12 ਅਗਸਤ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਰੂਸ ਕੋਰੋਨਾ ਦੀ ਵੈਕਸੀਨ ਵਿਕਸਿਤ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਰੂਸ ‘ਚ ਪੁਤਿਨ ਨੇ ਮੰਤਰੀਆਂ ਨਾਲ ਇਕ ਟੀ.ਵੀ. ਵੀਡੀਓ ਕਾਨਫ਼ਰੰਸ ਦੌਰਾਨ ਕਿਹਾ ਕਿ ਦੁਨੀਆਂ ‘ਚ ਪਹਿਲੀ ਵਾਰ ਕੋਰੋਨਾਵਾਇਰਸ ਖ਼ਿਲਾਫ਼ ਟੀਕਾ ਰਜਿਸਟਰ ਕੀਤਾ ਗਿਆ ਹੈ। ਰੂਸ ਵਲੋਂ ਵੈਕਸੀਨ ਬਣਾਉਣ ਲਈ ਦਿਖਾਈ ਜਾ ਰਹੀ ਤੇਜ਼ੀ ‘ਤੇ ਮਾਹਿਰਾਂ ਵਲੋਂ ਕੀਤੇ ਜਾ ਰਹੇ ਚਿੰਤਾ ਦੇ ਪ੍ਰਗਟਾਵੇ ਵਿਚਾਲੇ ਪੁਤਿਨ ਨੇ ਇਹ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ ਦੀ ਵੈਕਸੀਨ ਵਿਸ਼ਵ ਸਿਹਤ ਸੰਗਠਨ ਕੋਲ ਦਰਜ 6 ਵੈਕਸੀਨਾਂ ਦੀ ਸੂਚੀ ‘ਚ ਵੀ ਨਹੀਂ ਹੈ, ਜੋ ਕਿ ਤੀਜੇ ਕਲੀਨਿਕਲ ਪੜਾਅ ‘ਤੇ ਪਹੁੰਚ ਚੁੱਕੀਆਂ ਹਨ, ਜਿਸ ਵਿਚ ਵੱਡੀ ਗਿਣਤੀ ‘ਚ ਲੋਕਾਂ ਨੂੰ ਸ਼ਾਮਲ ਕਰਨਾ ਪੈਂਦਾ ਹੈ। ਇਸ ਵੈਕਸੀਨ ਨੂੰ ਸਪੂਤਨਿਕ-5 ਦਾ ਨਾਂਅ ਦਿੱਤਾ ਗਿਆ ਹੈ। ਸੋਵੀਅਤ ਸੰਘ ਵਲੋਂ ਸਾਲ 1957 ‘ਚ ਲਾਂਚ ਕੀਤੇ ਗਏ ਦੁਨੀਆ ਦੇ ਪਹਿਲੇ ਸੈਟੇਲਾਈਟ ਦੇ ਸੰਦਰਭ ‘ਚ ਇਸ ਵੈਕਸੀਨ ਨੂੰ ਇਹ ਨਾਂਅ ਦਿੱਤਾ ਗਿਆ ਹੈ। ਇਸ ਵੈਕਸੀਨ ਨੇ ਅਜੇ ਮਹੱਤਵਪੂਰਨ ਤੀਜੇ ਪੜਾਅ ‘ਚੋਂ ਲੰਘਣਾ ਹੈ, ਜਿਸ ਤਹਿਤ ਇਹ ਹਜ਼ਾਰਾਂ ਲੋਕਾਂ ਨੂੰ ਲਗਾਇਆ ਜਾਵੇਗਾ। ਪੁਤਿਨ ਨੇ ਦਾਅਵਾ ਕੀਤਾ ਕਿ ਇਹ ਟੀਕਾ ਸਾਰੇ ਜ਼ਰੂਰੀ ਪ੍ਰੀਖਣਾਂ ‘ਚੋਂ ਲੰਘਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦੋ ਬੇਟੀਆਂ ‘ਚੋਂ ਇਕ ਨੂੰ ਵੈਕਸੀਨ ਲਾਇਆ ਗਿਆ ਹੈ। ਪਹਿਲੇ ਟੀਕੇ ਤੋਂ ਬਾਅਦ ਉਸ ਦੇ ਸਰੀਰ ਦਾ ਤਾਪਮਾਨ 38 ਡਿਗਰੀ ਸੈਲਸੀਅਸ ਸੀ, ਜਦੋਂ ਕਿ ਅਗਲੇ ਦਿਨ ਇਹ 37 ਡਿਗਰੀ ਤੋਂ ਥੋੜ੍ਹਾ ਵੱਧ ਸੀ। ਦੂਜੇ ਟੀਕੇ ਤੋਂ ਬਾਅਦ ਉਸ ਦਾ ਤਾਪਮਾਨ ਥੋੜ੍ਹਾ ਵੱਧ ਗਿਆ ਜਿਸ ਤੋਂ ਬਾਅਦ ਸਭ ਕੁਝ ਸਾਫ਼ ਹੋ ਗਿਆ। ਉਹ ਚੰਗਾ ਮਹਿਸੂਸ ਕਰ ਰਹੀ ਹੈ ਤੇ ਉਸ ‘ਚ ਐਂਟੀਬਾਡੀ ਵਿਕਸਿਤ ਹੋ ਗਏ। ਉਨ੍ਹਾਂ ਕਿਹਾ ਕਿ ਵੈਕਸੀਨ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਇਕ ਸਥਿਰ ‘ਇਮਿਊਨਿਟੀ’ ਵਿਕਸਿਤ ਕਰਦਾ ਹੈ। ਪੁਤਿਨ ਨੇ ਦੁਨੀਆਂ ਦਾ ਪਹਿਲਾ ਟੀਕਾ ਤਿਆਰ ਕਰਨ ਲਈ ਯੋਗਦਾਨ ਪਾਉਣ ਵਾਲੀ ਹਰ ਸ਼ਖ਼ਸੀਅਤ ਦਾ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਰੂਸ ਨੇੜਲੇ ਭਵਿੱਖ ‘ਚ ਇਸ ਵੈਕਸੀਨ ਦਾ ਵੱਡੇ ਪੱਧਰ ‘ਤੇ ਉਤਪਾਦਨ ਸ਼ੁਰੂ ਕਰਨ ਦੇ ਯੋਗ ਹੋ ਜਾਵੇਗਾ।
ਦੱਸਣਯੋਗ ਹੈ ਕਿ ਵੈਕਸੀਨ ਦੇ ਪ੍ਰੀਖਣਾਂ ਦੀ ਸ਼ੁਰੂਆਤ 18 ਜੂਨ ਨੂੰ ਹੋਈ ਅਤੇ ਇਸ ‘ਚ 38 ਲੋਕ ਸ਼ਾਮਿਲ ਹੋਏ। ਉਨ੍ਹਾਂ ਸਾਰਿਆਂ ‘ਚ ਇਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਗਈ ਹੈ। ਪਹਿਲੇ ਸਮੂਹ ਨੂੰ 15 ਜੁਲਾਈ ਨੂੰ ਛੁੱਟੀ ਦਿੱਤੀ ਗਈ ਜਦੋਂ ਕਿ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦਿੱਤੀ ਗਈ। ਫਾਰਮਾਸੂਟੀਕਲ ਸਟੇਟ ਰਜਿਸਟਰ ਦੀ ਵੈੱਬਸਾਈਟ ‘ਤੇ ਦੱਸਿਆ ਗਿਆ ਹੈ ਕਿ ਇਕ ਜਨਵਰੀ 2021 ਤੋਂ ਇਸ ਦੀ ਸਰਕੂਲੇਸ਼ਨ ਸ਼ੁਰੂ ਹੋ ਜਾਵੇਗੀ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਹੈ ਕਿ ਇਸ ਵੈਕਸੀਨ ਨੂੰ ਦੋ ਥਾਵਾਂ ਗਾਮਾਲਿਆ ਰਿਸਰਚ ਇੰਸਟੀਚਿਊਟ ਤੇ ਕੰਪਨੀ ਬਿਨੋਫਾਰਮ ‘ਚ ਤਿਆਰ ਕੀਤਾ ਜਾਵੇਗਾ। ਕਈ ਦੇਸ਼ਾਂ ਨੇ ਇਸ ਵੈਕਸੀਨ ‘ਚ ਦਿਲਚਸਪੀ ਦਿਖਾਈ ਹੈ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫ਼ੰਡ (ਆਰ.ਡੀ.ਆਈ.ਐਫ.) ਇਸ ਵੈਕਸੀਨ ਦੇ ਉਤਪਾਦਨ ਤੇ ਵਿਦੇਸ਼ਾਂ ‘ਚ ਪ੍ਰਮੋਸ਼ਨ ਲਈ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰ.ਡੀ.ਆਈ.ਐਫ. ਇਸ ਵੈਕਸੀਨ ਦਾ ਤੀਜੇ ਪੜਾਅ ਦਾ ਟਰਾਇਲ ਯੂ.ਏ.ਈ., ਸਾਊਦੀ ਅਰਬ ਅਤੇ ਹੋਰ ਦੇਸ਼ਾਂ ਵਿਚ ਕਰਵਾਉਣ ਲਈ ਸਹਿਮਤ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ 20 ਦੇਸ਼ਾਂ ਵਲੋਂ 100 ਕਰੋੜ ਵੈਕਸੀਨਾਂ ਖਰੀਦਣ ਲਈ ਦਿਲਚਸਪੀ ਦਿਖਾਈ ਗਈ ਹੈ। ਅਸੀਂ ਪੰਜ ਦੇਸ਼ਾਂ ਵਿਚ ਆਪਣੇ ਵਿਦੇਸ਼ੀ ਭਾਈਵਾਲਾਂ ਨਾਲ ਮਿਲ ਕੇ 50 ਕਰੋੜ ਵੈਕਸੀਨ ਬਣਾਉਣ ਲਈ ਤਿਆਰ ਹਾਂ ਅਤੇ ਉਤਪਾਦਨ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਈ ਲੈਟਿਨ ਅਮਰੀਕੀ, ਮੱਧ ਪੂਰਬੀ ਅਤੇ ਏਸ਼ਿਆਈ ਦੇਸ਼ਾਂ ਨੇ ਰੂਸੀ ਵੈਕਸੀਨ ਖਰੀਦਣ ‘ਚ ਰੂਚੀ ਦਿਖਾਈ ਹੈ। ਇਹ ਵੈਕਸੀਨ ਗਾਮਾਲਿਆ ਰਿਸਰਚ ਇੰਸਟੀਚਿਊਟ ਅਤੇ ਰੂਸ ਡਿਫੈਂਸ ਮੰਤਰਾਲੇ ਨੇ ਮਿਲ ਕੇ ਤਿਆਰ ਕੀਤੀ ਹੈ। ਇਸ ਵਿਚ ਇਕ ਤਰਲ ਤੇ ਇਕ ਜੰਮਿਆ-ਖੁਸ਼ਕ ਘਟਕ ਮਿਲ ਕੇ ਲੰਬੇ ਸਮੇਂ ਲਈ ਇਮਿਊਨਿਟੀ ਨੂੰ ਵਿਕਸਿਤ ਕਰ ਦਿੰਦੇ ਹਨ। ਖ਼ਤਰੇ ‘ਚ ਕੰਮ ਕਰਨ ਵਾਲੇ ਜਿਵੇਂ ਡਾਕਟਰਾਂ ਨੂੰ ਇਸ ਮਹੀਨੇ ਟੀਕਾ ਲਾਇਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਤੀਜੇ ਗੇੜ ਦੇ ਅਧਿਐਨ ਦਾ ਹਿੱਸਾ ਹੋਣਗੇ, ਜਿਸ ਤਹਿਤ ਟੀਕੇ ਨੂੰ ਸ਼ਰਤ ਤਹਿਤ ਮਨਜ਼ੂਰੀ ਮਿਲਣ ਦੇ ਬਾਅਦ ਪੂਰਾ ਕੀਤਾ ਜਾਣਾ ਹੈ।
ਰੂਸ ਭਾਵੇਂ ਇਸ ਵੈਕਸੀਨ ਨੂੰ ਸਫ਼ਲ ਦੱਸ ਰਿਹਾ ਹੈ ਪਰ ਅਮਰੀਕਾ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਤੇ ਮਾਹਿਰਾਂ ਨੇ ਇਸ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਰੂਸ ਕੋਰੋਨਾ ਵਾਇਰਸ ਲਈ ਪ੍ਰਭਾਵਸ਼ਾਲੀ ਦਵਾਈ ਬਣਾਉਣ ਦੀ ਦੌੜ ਜਿੱਤਣ ਲਈ ਵਿਗਿਆਨ ਤੇ ਲੋਕਾਂ ਨੂੰ ਸੁਰੱਖਿਆ ਨੂੰ ਤਾਕ ‘ਤੇ ਰੱਖ ਕੇ ਆਪਣਾ ਮਾਣ ਇੱਜ਼ਤ ਪਹਿਲੇ ਨੰਬਰ ‘ਤੇ ਰੱਖ ਰਿਹਾ ਹੈ। ਮਾਹਿਰਾਂ ਅਨੁਸਾਰ ਤੀਜੇ ਪੜਾਅ ਦੇ ਟਰਾਇਲ ਤੋਂ ਪਹਿਲਾਂ ਹੀ ਇਸ ਦੀ ਰਜਿਸਟ੍ਰੇਸ਼ਨ ਠੀਕ ਨਹੀਂ ਹੈ, ਕਿਉਂਕਿ ਇਸ ਟਰਾਇਲ ਨੂੰ ਕਈ ਮਹੀਨਿਆਂ ਦਾ ਸਮਾਂ ਲੱਗਦਾ ਹੈ ਤੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦਾਅ ‘ਤੇ ਲੱਗੀ ਹੁੰਦੀ ਹੈ। ਦੁਨੀਆਂ ਦੇ ਉੱਘੇ ਰੋਗ ਮਾਹਿਰ ਡਾ. ਐਂਥਨੀ ਫੌਚੀ ਵੀ ਰੂਸ ਦੀ ਵੈਕਸੀਨ ‘ਤੇ ਸ਼ੁਰੂ ਤੋਂ ਹੀ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚੀਨ ਤੇ ਰੂਸ ਬਿਨਾਂ ਕਿਸੇ ਜਲਦਬਾਜ਼ੀ ਤੋਂ ਦਵਾਈ ਦੇ ਅਸਲ ‘ਚ ਪ੍ਰੀਖਣ ਕਰਨਗੇ, ਕਿਉਂਕਿ ਪ੍ਰੀਖਣਾਂ ਤੋਂ ਪਹਿਲਾਂ ਹੀ ਇਹ ਕਹਿਣਾ ਕਿ ਦਵਾਈ ਵਰਤੋਂ ਲਈ ਬਿਲਕੁਲ ਤਿਆਰ ਹੈ, ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਰੂਸ ਨੂੰ ਦਵਾਈ ਬਣਾਉਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਚੁੱਕਾ ਹੈ ਜਦੋਂ ਕਿ ਬਰਤਾਨੀਆ ਨੇ ਰੂਸ ਵਲੋਂ ਬਣਾਈ ਵੈਕਸੀਨ ਵਰਤਣ ਤੋਂ ਪਹਿਲਾਂ ਹੀ ਨਾਂਹ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦਵਾਈ ਬਣਾਉਣ ‘ਚ ਲੱਗੀਆਂ ਆਕਸਫੋਰਡ-ਅਸਤਰਾਜ਼ੇਨੇਕਾ, ਮੋਡਰਨਾ ਤੇ ਫਾਈਜ਼ਰ ਵਰਗੀਆਂ ਕੰਪਨੀਆਂ ਦੇ ਮਾਹਿਰਾਂ ਨੇ ਕਿਹਾ ਹੈ ਕਿ ਰੂਸ ਵਲੋਂ ਪੂਰੀ ਤਰ੍ਹਾਂ ਪ੍ਰੀਖਣ ਨਾ ਕਰਨਾ ਨਾਗਰਿਕਾਂ ਨੂੰ ਖ਼ਤਰੇ ‘ਚ ਪਾ ਸਕਦਾ ਹੈ। ਦੱਸਣਯੋਗ ਹੈ ਕਿ ਕੋਈ ਵੀ ਵੈਕਸੀਨ ਤਿਆਰ ਕਰਨ ਲਈ ਕਈ ਵਰ੍ਹਿਆਂ ਦੇ ਪ੍ਰੀਖਣਾਂ ‘ਚੋਂ ਲੰਘਣਾ ਪੈਂਦਾ ਹੈ, ਜਦੋਂ ਕਿ ਰੂਸ ਵਲੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ ਦਵਾਈ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੂਸ ‘ਤੇ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਲੋਂ ਪੱਛਮੀ ਲੈਬਾਰਟਰੀਆਂ ‘ਚੋਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਲਈ ਕੀਤੀ ਜਾ ਰਹੀ ਖੋਜ ਸਬੰਧੀ ਡਾਟਾ ਚੋਰੀ ਕਰਨ ਦੇ ਦੋਸ਼ ਵੀ ਲਗਾਏ ਗਏ ਸਨ।


Share