ਰੂਸ ਵੱਲੋਂ ਆਪਣੇ ਨਾਗਰਿਕਾਂ ਲਈ ‘ਸਪੂਤਨਿਕ-5’ ਕੋਰੋਨਾ ਵੈਕਸੀਨ ਜਾਰੀ

593

ਮਾਸਕੋ, 9 ਸਤੰਬਰ (ਪੰਜਾਬ ਮੇਲ)-ਰੂਸ ਨੇ ਆਪਣੇ ਨਾਗਰਿਕਾਂ ਲਈ ਆਪਣੀ ਦੁਨੀਆਂ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਸਪੂਤਨਿਕ-5 ਦੇ ਪਹਿਲੇ ਬੈਚ ਨੂੰ ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤਾ ਹੈ। ਰੂਸੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਰੂਸੀ ਵੈਕਸੀਨ ਨੇ ਸਾਰੀਆਂ ਗੁਣਵੱਤਾ ਜਾਂਚ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਇਸ ਨੂੰ ਆਮ ਨਾਗਰਿਕਾਂ ਨੂੰ ਲਗਾਉਣ ਲਈ ਜਾਰੀ ਕਰ ਦਿੱਤਾ ਗਿਆ ਹੈ। ਰੂਸੀ ਵੈਕਸੀਨ ਦਾ ਇਸ ਹਫ਼ਤੇ ਤੀਸਰੇ ਪੜਾਅ ਦਾ ਕਲੀਨਿਕਲ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਆਸ ਪ੍ਰਗਟਾਈ ਸੀ ਕਿ ਰਾਜਧਾਨੀ ਦੇ ਜ਼ਿਆਦਾਤਰ ਲੋਕਾਂ ਨੂੰ ਅਗਲੇ ਕੁਝ ਮਹੀਨਿਆਂ ਦੇ ਅੰਦਰ ਕੋਰੋਨਾ ਵਾਇਰਸ ਵੈਕਸੀਨ ਲਗਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ 5 ਦੇ ਅੰਤਿਮ ਫੇਜ਼ ਦਾ ਕਲੀਨਿਕਲ ਟਰਾਇਲ ਇਸ ਮਹੀਨੇ ਤੋਂ ਭਾਰਤ ‘ਚ ਸ਼ੁਰੂ ਹੋਵੇਗਾ। ਵੈਕਸੀਨ ਬਣਾਉਣ ਲਈ ਫ਼ੰਡ ਮੁਹੱਈਆ ਕਰਾਉਣ ਵਾਲੀ ਏਜੰਸੀ ਰਸ਼ੀਅਨ ਡਾਇਰੈਕਟਰ ਇਨਵੈਸਟ ਫ਼ੰਡ ਦੇ ਸੀ.ਈ.ਓ. ਕਿਰਿਲ ਦਿਮਿਤ੍ਰਿਜ ਨੇ ਕਿਹਾ ਕਿ ਇਸ ਵੈਕਸੀਨ ਦਾ ਕਲੀਨਿਕਲ ਟਰਾਇਲ ਭਾਰਤ ਸਮੇਤ ਯੂ.ਏ.ਈ., ਸਾਊਦੀ ਅਰਬ, ਫਿਲੀਪਾਈਨ ਅਤੇ ਬ੍ਰਾਜ਼ੀਲ ‘ਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵੈਕਸੀਨ ਦੇ ਤੀਸਰੇ ਫੇਜ ਦੇ ਕਲੀਨਿਕਲ ਟਰਾਇਲ ਦਾ ਪ੍ਰਾਇਮਰੀ ਰਿਜ਼ਲਟ ਅਕਤੂਬਰ-ਨਵੰਬਰ ‘ਚ ਜਾਰੀ ਕਰ ਦਿੱਤਾ ਜਾਵੇਗਾ।