ਰੂਸ ਵੱਲੋਂ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਚਿਤਾਵਨੀ

40
Share

* ਦੇਸ਼ ਦੀ ਸੁਰੱਖਿਆ ਲਈ ਕਿਸੇ ਵੀ ਹਥਿਆਰ ਦੀ ਕਰਾਂਗੇ ਵਰਤੋਂ : ਪੂਤਿਨ
* 3 ਲੱਖ ਰਿਜ਼ਰਵ ਸੈਨਿਕਾਂ ਦੀ ਤਾਇਨਾਤੀ ਦਾ ਹੁਕਮ
ਮਾਸਕੋ, 22 ਸਤੰਬਰ (ਪੰਜਾਬ ਮੇਲ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਜੰਗ ’ਚ ਮਿਲ ਰਹੇ ਝਟਕਿਆਂ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਲਗਭਗ 3 ਲੱਖ ਰਿਜ਼ਰਵ ਸੈਨਿਕਾਂ ਦੀ ਅੰਸ਼ਿਕ ਤਾਇਨਾਤੀ ਦਾ ਹੁਕਮ ਦਿੰਦਿਆਂ ਕਿਹਾ ਕਿ ਇਹ ਉਪਾਅ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦਾ ਦੇਸ਼ ਸਮੁੱਚੀ ਪੱਛਮੀ ਸੈਨਾ ਨਾਲ ਜੰਗ ਲੜ ਰਿਹਾ ਹੈ। ਪੂਤਿਨ ਨੇ ਟੈਲੀਵਿਜ਼ਨ ’ਤੇ ਦੇਸ਼ ਦੇ ਨਾਂ ਆਪਣੇ ਸੰਬੋਧਨ ’ਚ ਉਕਤ ਐਲਾਨ ਕਰਦਿਆਂ ਕਿਹਾ ਕਿ ਰੂਸ ਆਪਣੇ ਖ਼ੇਤਰ ਦੀ ਸੁਰੱਖਿਆ ਕਰਨ ਲਈ ਉਸ ਕੋਲ ਉਪਲੱਬਧ ਸਾਰੇ ਹਥਿਆਰ ਤੇ ਸ੍ਰੋਤਾਂ ਦੀ ਵਰਤੋਂ ਕਰੇਗਾ। ਪੂਤਿਨ ਨੇ ਪੱਛਮੀ ਦੇਸ਼ਾਂ ’ਤੇ ਰੂਸ ਨੂੰ ਕਮਜ਼ੋਰ ਕਰਨ, ਵੰਡਣ ਅਤੇ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਖੁੱਲ੍ਹ ਕੇ ਕਹਿ ਰਹੇ ਹਨ ਕਿ 1991 ’ਚ ਉਹ ਸੋਵੀਅਤ ਯੂਨੀਅਨ ਨੂੰ ਤੋੜਨ ’ਚ ਕਾਮਯਾਬ ਹੋਏ ਸਨ ਅਤੇ ਹੁਣ ਰੂਸ ਨਾਲ ਵੀ ਅਜਿਹਾ ਕਰਨ ਦਾ ਸਮਾਂ ਹੈ। ਪੂਤਿਨ ਨੇ ਕਿਹਾ ਕਿ ਅੱਜ ਸਾਡੀਆਂ ਹਥਿਆਰਬੰਦ ਫ਼ੌਜਾਂ 1000 ਕਿਲੋਮੀਟਰ ਤੋਂ ਵੱਧ ਲੰਬੀ ਸੰਪਰਕ ਸੀਮਾ ’ਤੇ ਲੜ ਰਹੀਆਂ ਹਨ, ਉਹ ਨਾ ਸਿਰਫ਼ ਨਵ-ਨਾਜ਼ੀ ਇਕਾਈਆਂ ਵਿਰੁੱਧ ਬਲਕਿ ਅਸਲ ’ਚ ਉਹ ਸਮੂਹਿਕ ਪੱਛਮ ਦੀ ਸਮੁੱਚੀ ਫ਼ੌਜੀ ਮਸ਼ੀਨਰੀ ਨਾਲ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਖ਼ੇਤਰੀ ਅਖੰਡਤਾ ਅਤੇ ਲੋਕਾਂ ਦੀ ਰੱਖਿਆ ਲਈ ਖ਼ਤਰੇ ਦੀ ਸਥਿਤੀ ’ਚ ਅਸੀਂ ਯਕੀਨੀ ਤੌਰ ’ਤੇ ਸਾਡੇ ਕੋਲ ਉਪਲੱਬਧ ਸਾਰੇ ਹਥਿਆਰਾਂ ਦਾ ਇਸਤੇਮਾਲ ਕਰਾਂਗੇ।
ਪੂਤਿਨ ਦਾ ਫ਼ੈਸਲਾ ਰੂਸੀ ਲੋਕਾਂ ਲਈ ਵੱਡੀ ਤ੍ਰਾਸਦੀ : ਯੂਕਰੇਨ
ਯੂਕਰੇਨ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਤਰਜਮਾਨ ਨੇ ਰੂਸ ਵੱਲੋਂ ਜਵਾਨਾਂ ਨੂੰ ਅੰਸ਼ਿਕ ਤੌਰ ’ਤੇ ਤਾਇਨਾਤ ਕਰਨ ਦੇ ਫ਼ੈਸਲੇ ਨੂੰ ਰੂਸੀ ਲੋਕਾਂ ਲਈ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਖ਼ਬਰ ਏਜੰਸੀ ਨੂੰ ਜਾਰੀ ਬਿਆਨ ’ਚ ਸਰਗੀ ਨਿਕੋਫੋਰੋਵ ਨੇ ਕਿਹਾ ਕਿ ਇਹ ਫ਼ੈਸਲਾ ਰੂਸੀ ਮਾਹਿਰ ਫ਼ੌਜ ਦੀ ਅਸਮਰੱਥਤਾ ਨੂੰ ਦਰਸਾਉਂਦਾ ਹੈ, ਜੋ ਪੂਰੀ ਤਰ੍ਹਾਂ ਹਰ ਮੋਰਚੇ ’ਤੇ ਨਾਕਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੂਸੀ ਸਰਕਾਰ ਆਪਣੇ ਹੀ ਲੋਕਾਂ ’ਤੇ ਤਸ਼ੱਦਦ ਢਾਹੁਣ ’ਤੇ ਲੱਗੀ ਹੋਈ ਹੈ ਅਤੇ ਜਦੋਂ ਇਹ ਸਿਲਸਿਲਾ ਰੁੱਕ ਜਾਵੇਗਾ ਤਾਂ ਥੋੜੇ ਹੀ ਰੂਸੀ ਪੁੱਤ ਮੋਰਚਿਆਂ ’ਤੇ ਮਰਨ ਲਈ ਜਾਣਗੇ।
ਯੂਕਰੇਨ ’ਚ ਰੂਸ ਦੀ ਰਾਏਸ਼ੁਮਾਰੀ ਇਕ ਢੌਂਗ : ਅਮਰੀਕਾ
ਅਮਰੀਕਾ ਨੇ ਰੂਸ ਵੱਲੋਂ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਖ਼ਿੱਤਿਆਂ ’ਚ ਵੋਟਿੰਗ ਕਰਵਾਉਣ ਦੀ ਯੋਜਨਾ ਨੂੰ ਢੌਂਗ ਕਰਾਰ ਦਿੰਦਿਆਂ ਕਿਹਾ ਕਿ ਇਹ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਦੇ ਉਲਟ ਹੈ। ਕੌਮੀ ਸੁਰੱਖਿਆ ਸਲਾਹਕਾਰ ਜੇਕ ਸੂਲੀਵਾਨ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਨਾਲ ਛੇੜਖਾਨੀ ਕੀਤੀ ਜਾਵੇਗੀ ਅਤੇ ਅਮਰੀਕਾ ਅਜਿਹੇ ਕਿਸੇ ਰੂਸੀ ਦਾਅਵੇ ਨੂੰ ਕਦੇ ਵੀ ਮਾਨਤਾ ਨਹੀਂ ਦੇਵੇਗਾ।¿;
ਜਰਮਨੀ ਵੱਲੋਂ ਪੂਤਿਨ ਦੇ ਨੇੜਲੇ ਸਾਥੀ ਨਾਲ ਸਬੰਧਤ 24 ਸੰਪਤੀਆਂ ’ਤੇ ਛਾਪੇ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨੇੜਲੇ ਸਾਥੀ ਅਲੀਸ਼ੇਰ ਉਸਮਾਨੋਵ ਨਾਲ ਸਬੰਧਤ ਦੋ ਦਰਜਨ ਸੰਪਤੀਆਂ ’ਤੇ ਕਰੀਬ 250 ਪੁਲਿਸ ਅਧਿਕਾਰੀਆਂ ਨੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਪਾਬੰਦੀਆਂ ਦੀ ਉਲੰਘਣਾ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਨੇਮਾਂ ਨੂੰ ਅਣਗੌਲਿਆ ਕਰਨ ਦੇ ਸਬੰਧ ’ਚ ਇਹ ਛਾਪੇ ਮਾਰੇ ਗਏ ਹਨ। ਫਰੈਂਕਫਰਟ ਜਾਂਚ ਏਜੰਸੀ ਨੇ ਸ਼ੱਕੀ ਦਾ ਨਾਂ ਨਹੀਂ ਦੱਸਿਆ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਰੂਸੀ ਕਾਰੋਬਾਰੀ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ ਪਰ ਜਰਮਨ ਹਫ਼ਤਾਵਾਰੀ ਡੇਰ ਸਪੀਜੇਲ ਨੇ ਉਸ ਦਾ ਨਾਂ ਉਸਮਾਨੋਵ ਦੱਸਿਆ ਹੈ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਕੇ ਉਸ ਪੈਸੇ ਨੂੰ ਸੁਰੱਖਿਆ ਕੰਪਨੀਆਂ ਨੂੰ ਦਿੱਤਾ ਗਿਆ, ਜੋ ਇਨ੍ਹਾਂ ਸੰਪਤੀਆਂ ਦੀ ਸੁਰੱਖਿਆ ’ਚ ਲੱਗੀਆਂ ਹੋਈਆਂ ਹਨ।

Share