ਰੂਸ ਯੂਕਰੇਨ ਜੰਗ: ਯੂਕਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਦੀ ਰੂਸੀ ਹਮਲੇ ’ਚ ਮੌਤ

111
ਕੀਵ, 7 ਜੁਲਾਈ (ਪੰਜਾਬ ਮੇਲ)- ਫਰਵਰੀ ਵਿਚ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ ਨੇ ਦੁਨੀਆਂ ਭਰ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਵਾਲੰਟੀਅਰਸ ਰੂਸੀ ਫੌਜ ਦਾ ਮੁਕਾਬਲਾ ਕਰਨ ਯੂਕਰੇਨ ਪਹੁੰਚੇ। ਇਨ੍ਹਾਂ ਵਿਚ ਬ੍ਰਾਜ਼ੀਲ ਦੀ ਮਾਡਲ ਅਤੇ ਸਨਾਈਪਰ ਥਾਲਿਟੋ ਡੋ ਵੈਲੇ ਵੀ ਯੂਕਰੇਨ ਪਹੁੰਚੀ ਸੀ। ਹਾਲ ਹੀ ਵਿਚ ਥਾਲਿਟੋ ਦੀ ਰੂਸੀ ਹਮਲੇ ’ਚ ਮੌਤ ਹੋ ਗਈ।
ਮੀਡੀਆ ਰਿਪੋਰਟ ਮੁਤਾਬਕ, 39 ਸਾਲਾ ਬ੍ਰਾਜ਼ੀਲੀਅਨ ਮਾਡਲ ਖਾਰਕੀਵ ਵਿਚ ਤਾਇਨਾਤ ਸੀ। ਇਸੇ ਦੌਰਾਨ ਰੂਸੀ ਫੌਜ ਦੇ ਮਿਜ਼ਾਈਲ ਅਟੈਕ ਵਿਚ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਈਰਾਕ ਵਿਚ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ ਲੜੀ ਸੀ। ਰੂਸੀ ਹਮਲੇ ਵਿਚ ਇਕ ਹੋਰ ਬ੍ਰਾਜ਼ੀਲੀ ਫਾਈਟਰ ਡਗਲਸ ਬੁਰੀਗੋ ਦੀ ਵੀ ਮੌਤ ਹੋ ਗਈ।
ਥਾਲਿਟੋ ਜੰਗ ਦੇ ਮੋਰਚੇ ਤੋਂ ਲਗਾਤਾਰ ਆਪਣੀ ਟਰੇਨਿੰਗ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੀ ਸੀ। ਉਸਨੇ ਈਰਾਕ ਦੇ ਕੁਰਦਿਸਤਾਨ ਇਲਾਕੇ ਵਿਚ ਆਈ.ਐੱਸ.ਆਈ.ਐੱਸ. ਦੇ ਖਿਲਾਫ ਲੜਾਈ ਦੌਰਾਨ ਸਨਾਈਪਰ ਦੀ ਟਰੇਨਿੰਗ ਲਈ ਸੀ। ਇਸ ਤੋਂ ਇਲਾਵਾ ਕਈ ਐੱਨ.ਜੀ.ਓ. ਦੇ ਨਾਲ ਮਿਲ ਕੇ ਐਨੀਮਲ ਰੈਸਕਿਊ ਮਿਸ਼ਨ ਵਿਚ ਵੀ ਸ਼ਾਮਲ ਹੋਈ ਸੀ।