ਰੂਸ-ਯੂਕਰੇਨ ਜੰਗ: ਯੂਕਰੇਨ ’ਚ ਫਸੇ ਪਾਕਿਸਤਾਨੀ ਨਾਗਰਿਕ ਤੇ ਵਿਦਿਆਰਥੀ ਗੁਜ਼ਰ ਰਹੇ ਮੁਸ਼ਕਲ ਦੌਰ ’ਚੋਂ

163
Share

-2000 ਤੋਂ ਵੱਧ ਪਾਕਿਸਤਾਨੀ ਨਾਗਰਿਕ ਨੂੰ ਯੂਕਰੇਨ ’ਚੋਂ ਵਾਪਸ ਲਿਆਉਣ ’ਚ ਦਿੱਕਤਾਂ ’ਤੇ ਚਿੰਤਾ ਜ਼ਾਹਿਰ
ਇਸਲਾਮਾਬਾਦ, 3 ਮਾਰਚ (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਭਿਆਨਕ ਲੜਾਈ ਵਿਚਕਾਰ ਪਾਕਿਸਤਾਨੀ ਨਾਗਰਿਕ ਅਤੇ ਵਿਦਿਆਰਥੀ ਬਹੁਤ ਸਾਰੀਆਂ ਮੁਸ਼ਕਿਲਾਂ ਵਿਚੋਂ ਗੁਜ਼ਰ ਰਹੇ ਹਨ। ਯੂਕਰੇਨ ਵਿਚ ਫਸੇ 2000 ਤੋਂ ਵੱਧ ਪਾਕਿਸਤਾਨੀ ਨਿਕਾਸੀ ਪ੍ਰਕਿਰਿਆ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਲਗਾਤਾਰ ਮੌਤ ਦੇ ਖਤਰੇ ਤੋਂ ਇਲਾਵਾ ਭੁੱਖਮਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ।
ਪਾਕਿਸਤਾਨੀ ਨਾਗਰਿਕਾਂ ਨੇ ਚੱਲ ਰਹੀ ਜੰਗ ਦੌਰਾਨ ਯੂਕਰੇਨ ’ਚ ਫਸੇ 2000 ਤੋਂ ਵੱਧ ਪਾਕਿਸਤਾਨੀਆਂ ਨੂੰ ਵਾਪਸ ਲਿਆਉਣ ’ਚ ਦਿੱਕਤਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਪਾਕਿ ਸਥਾਨਕ ਮੀਡੀਆ ਨੇ ਦੱਸਿਆ ਕਿ ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਯੂਕਰੇਨ ਵਿਚ ਪਾਕਿਸਤਾਨੀ ਦੂਤਾਵਾਸ ਵੱਲੋਂ ਕਈ ਦਾਅਵੇ ਕੀਤੇ ਗਏ ਸਨ ਪਰ ਜ਼ਮੀਨੀ ਤੱਥ ਵੱਖਰੇ ਤੌਰ ’ਤੇ ਬੋਲਦੇ ਹਨ ਅਤੇ ਲੋਕਾਂ ਤੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਮੀਡੀਆ ਨੇ ਪਾਕਿਸਤਾਨ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਕਿਸੇ ਵੀ ਨੁਕਸਾਨ ਤੋਂ ਪਹਿਲਾਂ ਤੁਰੰਤ ਪ੍ਰਬੰਧ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਭਾਰਤ ਦਾ ਰਾਸ਼ਟਰੀ ਤਿਰੰਗਾ ਨਾ ਸਿਰਫ ਫਸੇ ਭਾਰਤੀਆਂ, ਬਲਕਿ ਪਾਕਿਸਤਾਨ ਅਤੇ ਤੁਰਕੀ ਤੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿਚ ਜਾਣ ਵਾਲੇ ਲੋਕਾਂ ਦੇ ਬਚਾਅ ਲਈ ਆਇਆ। ਯੂਕਰੇਨ ਤੋਂ ਰੋਮਾਨੀਆ ਦੇ ਬੁਖਾਰੈਸਟ ਸ਼ਹਿਰ ਪਹੁੰਚੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਰਾਸ਼ਟਰੀ ਤਿਰੰਗੇ ਨੇ ਉਨ੍ਹਾਂ ਦੇ ਨਾਲ-ਨਾਲ ਕੁਝ ਪਾਕਿਸਤਾਨੀ ਅਤੇ ਤੁਰਕੀ ਵਿਦਿਆਰਥੀਆਂ ਨੂੰ ਵੀ ਯੁੱਧ ਪ੍ਰਭਾਵਿਤ ਦੇਸ਼ ਦੀਆਂ ਵੱਖ-ਵੱਖ ਚੌਕੀਆਂ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਨ ’ਚ ਮਦਦ ਕੀਤੀ। ਭਾਰਤੀ ਵਿਦਿਆਰਥੀ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ‘ਆਪ੍ਰੇਸ਼ਨ ਗੰਗਾ’ ਤਹਿਤ ਚਲਾਈਆਂ ਜਾ ਰਹੀਆਂ ਵਿਸ਼ੇਸ਼ ਨਿਕਾਸੀ ਉਡਾਣਾਂ ਨੂੰ ਫੜਨ ਲਈ ਰੋਮਾਨੀਆ ਦੇ ਸ਼ਹਿਰ ਪਹੁੰਚੇ ਸਨ। ਏਅਰ ਇੰਡੀਆ, ਸਪਾਈਸਜੈੱਟ ਅਤੇ ਇੰਡੀਗੋ ਵਿਸ਼ੇਸ਼ ਨਿਕਾਸੀ ਉਡਾਣਾਂ ਉਡਾ ਰਹੀਆਂ ਹਨ।

Share