ਰੂਸ-ਯੁਕਰੇਨ ਜੰਗ; ਯੂਕਰੇਨ ਦੀ ਅਰਜ਼ੀ ’ਤੇ ਸੰਯੁਕਤ ਰਾਸ਼ਟਰ ਅਦਾਲਤ ਦੀ ਸੁਣਵਾਈ ਰੂਸ ਨੇ ਖਾਰਜ ਕੀਤੀ

314
ਹੇਗ ਵਿਚ ਅਦਾਲਤ ਦੇ ਬਾਹਰ ਯੂਕਰੇਨ ਦੇ ਨੁਮਾਇੰਦੇ ਐਂਟੋਨ ਕੋਰਿਨੋਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
Share

ਯੂਕਰੇਨੀ ਨੁਮਾਇੰਦੇ ਨੇ ਲੁਹਾਂਸਕ ਤੇ ਦੋਨੇਤਸਕ ਵਿੱਚ ‘ਨਸ਼ਲਕੁਸ਼ੀ ਦੇ ਰੂਸੀ ਦਾਅਵੇ’ ਨੂੰ ‘‘ਡਰਾਉਣਾ ਝੂਠ’’ ਗਰਦਾਨਿਆ
ਦਿ ਹੇਗ (ਨੈਦਰਲੈਂਡਜ਼), 7 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਇੱਕ ਨੁਮਾਇੰਦੇ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਸਰਵਉੱਚ ਅਦਾਲਤ ਤੋਂ ਰੂਸ ਵੱਲੋਂ ਯੂਕਰੇਨ ’ਤੇ ਤਬਾਹਕੁਨ ਹਮਲੇ ਨੂੰ ਰੋਕਣ ਦਾ ਹੁਕਮ ਦੇਣ ਦੀ ਅਪੀਲ ਕੀਤੇ ਜਾਣ ਦੌਰਾਨ ਰੂਸ ਨੇ ਸੁਣਵਾਈ ਨੂੰ ਖਾਰਜ ਕਰ ਦਿੱਤਾ ਹੈ। ਯੂਕਰੇਨੀ ਨੁਮਾਇੰਦੇ ਐਂਟੋਨ ਕੋਰਿਨੋਵਿਚ ਨੇ ਕੌਮਾਂਤਰੀ ਅਦਾਲਤ ਦੇ ਜੱਜਾਂ ਨੂੰ ਕਿਹਾ, ‘‘ਰੂਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਵਿਚ ਅਦਾਲਤ ਦੀ ਭੂਮਿਕਾ ਹੈ।’’ ਯੂਕਰੇਨ ਨੇ ਅਦਾਲਤ ਨੂੰ ਕਿਹਾ ਕਿ ਉਹ ਰੂਸ ਵੱਲੋਂ 24 ਫਰਵਰੀ ਨੂੰ ਸ਼ੁਰੂ ਕੀਤੀ ਗਈ ‘ਸੈਨਿਕ ਮੁਹਿੰਮ ਨੂੰ ਤੁਰੰਤ ਰੋਕਣ’ ਦਾ ਹੁਕਮ ਦੇਵੇ। ਦੂਜੇ ਪਾਸੇ ਰੂਸ ਮੁਤਾਬਕ ਇਸ ਹਮਲੇ ਦਾ ਕਥਿਤ ਮਕਸਦ ਲੁਹਾਂਸਕ ਅਤੇ ਦੋਨੇਤਸਕ ਦੇ ਵੱਖਵਾਦੀ ਪੂਰਬੀ ਇਲਾਕਿਆਂ ਵਿਚ ‘ਨਸਲਕੁਸ਼ੀ’ ਦੀ ਰੋਕਥਾਮ ਅਤੇ ਉਸ ਲਈ ਸਜ਼ਾ ਦੇਣਾ ਹੈ। ਕੋਰਿਨੋਵਿਚ ਨੇ ਰੂਸ ਵੱਲੋਂ ‘ਨਸਲਕੁਸ਼ੀ’ ਦੇ ਕੀਤੇ ਦਾਅਵੇ ਨੂੰ ‘ਡਰਾਉਣਾ ਝੂਠ’ ਕਰਾਰ ਦਿੰਦਿਆਂ ਖਾਰਜ ਕੀਤਾ ਹੈ। ਉਨ੍ਹਾਂ ਕਿਹਾ, ‘‘ਤੱਥ ਇਹ ਹੈ ਕਿ ਰੂਸ ਦੀਆਂ ਖਾਲੀ ਸੀਟਾਂ ਕਾਫੀ ਕੁਝ ਕਹਿੰਦੀਆਂ ਹਨ। ਉਹ ਇਸ ਅਦਾਲਤ ਵਿਚ ਮੌਜੂਦ ਨਹੀਂ ਹੈ। ਉਹ ਜੰਗ ਦੇ ਮੈਦਾਨ ਵਿਚ ਮੇਰੇ ਦੇਸ਼ ਖ਼ਿਲਾਫ਼ ਹਮਲਾਵਰ ਹੋ ਰਹੇ ਹਨ।’’ ਯੂੁਕਰੇਨ ਦੀ ਅਪੀਲ ’ਤੇ ਕੁਝ ਦਿਨਾਂ ’ਚ ਫੈਸਲਾ ਆਉਣ ਦੀ ਉਮੀਦ ਹੈ। ਇਸੇ ਦੌਰਾਨ ਐਮਸਟਰਡਮ ਯੂਨੀਵਰਸਿਟੀ ’ਚ ਸੈਨਿਕ ਕਾਨੂੰਨ ਦੇ ਪ੍ਰੋਫੈਸਰ ਟੈਰੀ ਗਿੱਲ ਨੇ ਕਿਹਾ ਕਿ ਜੇਕਰ ਅਦਾਲਤ ਨੇ ਜੰਗ ਰੋਕਣ ਦੇ ਹੁਕਮ ਦਿੱਤੇ ਤਾਂ ‘‘ਮੈਨੂੰ ਲੱਗਦਾ ਹੈ ਕਿ ਉਸ ’ਤੇ ਅਮਲ ਹੋਣ ਦੀ ਸੰਭਾਵਨਾ ‘ਜ਼ੀਰੋ’ ਹੈ।’’ ਉਨ੍ਹਾਂ ਮੁਤਾਬਕ ਜੇਕਰ ਦੇਸ਼ਾਂ ਵੱਲੋਂ ਅਦਾਲਤ ਦੇ ਜੱਜਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਾਰਵਾਈ ਲਈ ਆਖ ਸਕਦੇ ਹਨ, ਪਰ ਉੱਥੇ ‘‘ਰੂਸ ਕੋਲ ਵੀਟੋ ਦਾ ਅਧਿਕਾਰ’’ ਹੈ।

Share