ਰੂਸ ਤੇ ਅਮਰੀਕਾ ਦੁਨੀਆਂ ਨੂੰ ਧੱਕ ਰਹੇ ਨੇ ਤੀਜੀ ਸੰਸਾਰ ਜੰਗ ਵੱਲ : ਕੇਂਦਰੀ ਸਿੰਘ ਸਭਾ

128
ਕੇਂਦਰੀ ਸਿੰਘ ਸਭਾ ਵੱਲੋਂ ਕਰਵਾਈ ਵਿਚਾਰ-ਚਰਚਾ ’ਚ ਹਿੱਸਾ ਲੈਂਦੇ ਹੋਏ ਬੁੱਧੀਜੀਵੀ।
Share

-ਬੁੱਧੀਜੀਵੀਆਂ ਨੂੰ ਲੋਕਾਂ ਸਾਹਮਣੇ ਸੱਚ ਲਿਆਉਣ ਦਾ ਦਿੱਤਾ ਸੱਦਾ
ਚੰਡੀਗੜ੍ਹ, 2 ਮਾਰਚ (ਪੰਜਾਬ ਮੇਲ)- ਕੇਂਦਰੀ ਸਿੰਘ ਸਭਾ ਵੱਲੋਂ ‘ਰੂਸ ਦਾ ਯੂਕਰੇਨ ’ਤੇ ਹਮਲਾ ਅਤੇ ਪੰਜਾਬ’ ਵਿਸ਼ੇ ’ਤੇ ਵਿਚਾਰ ਵਟਾਂਦਰਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਬੁੱਧੀਜੀਵੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਰੂਸ ਦਾ ਯੂਕਰੇਨ ’ਤੇ ਹਮਲਾ ਅਤੇ ਅਮਰੀਕਾ ਵੱਲੋਂ ਆਪਣੀ ਸਰਦਾਰੀ ਕਾਇਮ ਰੱਖਣ ਲਈ ਉਕਸਾਊ ਰੋਲ ਅਦਾ ਕਰਨਾ, ਦੁਨੀਆਂ ਨੂੰ ਤੀਜੇ ਸੰਸਾਰ ਯੁੱਧ ਵੱਲ ਧੱਕ ਰਿਹਾ ਹੈ।
ਡਾ. ਸਵਰਾਜ ਸਿੰਘ, ਡਾ. ਪਿਆਰਾ ਲਾਲ ਗਰਗ ਅਤੇ ਸੇਵਾਮੁਕਤ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਰੂਸ ਤੇ ਯੂਕਰੇਨ ਵਿਚਕਾਰ ਬਣੇ ਹਾਲਾਤ ਦੌਰਾਨ ਆਪਣੇ ਸਵਾਰਥੀ ਹਿੱਤਾਂ ਖਾਤਰ ਕਿਸੇ ਅਕਾਲੀ ਲੀਡਰ ਵੱਲੋਂ ਭਾਰਤੀਆਂ ਨੂੰ ਟੇਢੇ ਢੰਗ ਨਾਲ ਅਮਰੀਕਾ ਦੇ ਪੱਖ ਵਿਚ ਭੁਗਤਣ ਦਾ ਸੱਦਾ ਦੇਣਾ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਧ ਪਿਛਲੀਆਂ ਦੋ ਸਦੀਆਂ ਤੋਂ ਚੱਲਿਆ ਆ ਰਿਹਾ ਪੱਛਮੀ ਸਾਮਰਾਜੀ ਪ੍ਰਬੰਧ ਖਤਮ ਕਰ ਸਕਦਾ ਹੈ।
ਸਭਾ ਦੇ ਆਗੂਆਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਫਿਰ ਰੂਸ ਨਾਲ ਵਿਸ਼ਵਾਸਘਾਤ ਕੀਤਾ ਅਤੇ ਸਮਝੌਤੇ ਦੇ ਬਾਵਜੂਦ ਲਗਾਤਾਰ ਨਾਟੋ ਤਾਕਤਾਂ ਪੂਰਬ ਵੱਲ ਵੱਧ ਰਹੀਆਂ ਹਨ। ਹੁਣ ਯੂਕਰੇਨ ਨੂੰ ਨਾਟੋ ਵਿਚ ਮਿਲਾਉਣ ਦੀ ਗੱਲਬਾਤ ਨੂੰ ਰੂਸ ਨੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋਂ ਉਸ ਨੂੰ ਘੇਰਾ ਪਾਉਣ ਦੀ ਸਾਜ਼ਿਸ਼ ਹੀ ਸਮਝਿਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸਾਮਰਾਜੀਆਂ ਦਾ ਅੱਜ ਵੀ ਮੀਡੀਆ ’ਤੇ ਲਗਭਗ ਪੂਰਾ ਕੰਟਰੋਲ ਹੈ। ਉਹ ਲੋਕਾਂ ਸਾਹਮਣੇ ਪੂਰਾ ਸੱਚ ਆਉਣ ਨਹੀਂ ਦਿੰਦੇ।
ਇਸ ਲਈ ਬੁੱਧੀਜੀਵੀਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਪੂਰਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ, ਨਾ ਕਿ ਪੱਛਮੀ ਸਾਮਰਾਜੀ ਦੇਸ਼ਾਂ ਦੇ ਝੂਠੇ ਪ੍ਰਚਾਰ ਦਾ ਹਿੱਸਾ ਬਣਨ।

Share