ਰੂਸੀ ਵਿਗਿਆਨੀਆਂ ਨੇ ਹਵਾ ‘ਚ ਕੋਰੋਨਾਵਾਇਰਸ ਦੀ ਮੌਜੂਦਗੀ ਦਾ ਪਤਾ ਲਾਉਣ ਵਾਲਾ ਡਿਵਾਇਸ ਬਣਾਇਆ!

586

-ਪਹਿਲਾਂ ਵੀ ਅਜਿਹੇ ਡਿਵਾਇਸ ਬਣਾ ਚੁੱਕਾ ਹੈ ਰੂਸ
ਮਾਸਕੋ, 25 ਸਤੰਬਰ (ਪੰਜਾਬ ਮੇਲ)-  ਰੂਸ ਦੇ ਵਿਗਿਆਨੀਆਂ ਨੇ ਇਕ ਅਜਿਹਾ ਡਿਵਾਇਸ ਬਣਾਇਆ ਹੈ, ਜੋ ਹਵਾ ਵਿਚ ਕੋਰੋਨਾਵਾਇਰਸ ਦੀ ਮੌਜੂਦਗੀ ਦਾ ਪਤਾ ਲਗਾ ਲਵੇਗਾ। ਇਸ ਡਿਵਾਇਸ ਨੂੰ ਰੂਸ ਦੀ ਨੈਸ਼ਨਲ ਨਿਊਕਲੀਅਰ ਰਿਸਰਚ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ। ਇਸ ਵਿਚ ਅਤੀ ਸੰਵੇਦਨਸ਼ੀਲ ਸੈਂਸਰ ਲਗਾਇਆ ਗਿਆ ਹੈ ਜੋ ਸਭ ਤੋਂ ਘੱਟ  ਤਵੱਜੋ ‘ਤੇ ਵੀ ਹਵਾ ਵਿਚ ਕੋਰੋਨਾਵਾਇਰਸ ਦੇ ਹੋਣ ਦੀ ਜਾਣਕਾਰੀ ਦੇ ਸਕਦਾ ਹੈ। ਇਸ ਡਿਵਾਇਸ ਨੂੰ ਟ੍ਰਿਗਰ-ਬਾਇਓ ਡਿਟੈਕਟਰ ਨਾਮ ਦਿੱਤਾ ਗਿਆ ਹੈ।
ਯੂਨੀਵਰਸਿਟੀ ਦੀ ਪ੍ਰੈੱਸ ਸਰਵਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਡਿਵਾਇਸ ਆਪਣੇ ਐਨਾਲਾਗਸ ਦੀ ਤੁਲਨਾ ਵਿਚ ਕਈ ਗੁਣਾ ਜ਼ਿਆਦਾ ਕੰਪੈਕਟ ਅਤੇ ਸਹੀ ਹੈ। ਇਹ ਭੀੜ ਵਾਲੀ ਜਗ੍ਹਾ ‘ਤੇ ਤੇਜ਼ੀ ਨਾਲ ਇਨਫੈਕਸ਼ਨ ਦੇ ਪੱਧਰ ਦਾ ਪਤਾ ਲਗਾਉਣ ਵਿਚ ਸਹਾਇਕ ਸਿੱਧ ਹੋਵੇਗੀ। ਜੇਕਰ ਕਿਸੇ ਜਨਤਕ ਜਗ੍ਹਾ ‘ਤੇ ਕੋਰੋਨਾਵਾਇਰਸ ਦੀ ਮੌਜੂਦਗੀ ਹੋਈ ਤਾਂ ਇਹ ਐਲਰਟ ਕਰ ਸਕਦਾ ਹੈ। ਇਸ ਦੇ ਡਿਵੈਲਪਰਾਂ ਦਾ ਕਹਿਣਾ ਹੈ ਕਿ ਇਸ ਮਸ਼ੀਨ ਨੂੰ ਹਵਾਈ ਅੱਡੇ, ਮੈਟਰੋ ਜਾਂ ਰੇਲਵੇ ਜਿਹੇ ਜਨਤਕ ਥਾਵਾਂ ‘ਤੇ ਤਾਇਨਾਤ ਕਰਨ ਲਈ ਬਣਾਇਆ ਗਿਆ ਹੈ।
ਅਧਿਕਾਰਤ ਪਰੀਖਣ ਦੇ ਦੌਰਾਨ ਟ੍ਰਿਗਰ-ਬਾਇਓ ਡਿਟੈਕਟਰ ਡਿਵਾਇਸ ਨੇ ਇਕ ਤੋਂ ਦੋ ਸੈਕੰਡ ਵਿਚ ਹੀ ਹਵਾ ਵਿਚ ਕੋਰੋਨਾਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ। ਵਿਗਿਆਨੀਆਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਇਹ ਡਿਵਾਇਸ ਪ੍ਰਦੂਸ਼ਕਾਂ ਨੂੰ ਵੱਖ-ਵੱਖ ਕਰਦਾ ਹੈ। ਜਿਸ ਦੇ ਬਾਅਦ ਹਵਾ ਵਿਚ ਮੌਜੂਦ ਵਾਇਰਸ, ਬੈਕਟੀਰੀਆ ਅਤੇ ਬੈਕਟੀਰੀਅਲ ਜ਼ਹਿਰੀਲੇ ਪਦਾਰਥਾਂ ਸਮੇਤ ਕਿਸੇ ਵੀ ਤਰ੍ਹਾਂ ਦੇ ਬਾਇਓਜੇਨਿਕ ਏਰੋਸੋਲ ਦੀ ਪਛਾਣ ਕਰਦਾ ਹੈ।
ਰੂਸ ਨੇ ਅਗਸਤ ਦੇ ਆਖਰੀ ਹਫਤੇ ਵਿਚ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਡਿਵਾਇਸ ਬਣਾਇਆ ਹੈ ਜੋ ਹਵਾ ਵਿਚ ਕੋਰੋਨਾਵਾਇਰਸ ਦੀ ਜਾਣਕਾਰੀ ਦੇਣ ਵਿਚ ਸਮਰੱਥ ਹੈ ਪਰ ਉਹ ਡਿਵਾਇਸ ਕਿਸੇ ਫਰਿੱਜ਼ ਦੇ ਜਿੰਨਾ ਵੱਡਾ ਸੀ। ਇਸ ਡਿਵਾਇਸ ਨੂੰ ਡਿਟੈਕਟਰ ਬਾਇਓ ਨਾਮ ਦਿੱਤਾ ਗਿਆ ਹੈ। ਇਸ ਡਿਵਾਇਸ ਨੂੰ ਰੂਸ ਦੀ ਕੇ.ਐੱਮ.ਜੇ. ਫੈਕਟਰੀ ਨੇ ਡਿਫੈਂਸ ਮਿਨਸਟਰੀ ਅਤੇ ਕੋਰੋਨਾ ਵੈਕਸੀਨ ਬਣਾਉਣ ਵਾਲੀ ਗਾਮਾਲੇਵਾ ਇੰਸਟੀਚਿਊਟ ਦੇ ਨਾਲ ਮਿਲ ਕੇ ਬਣਾਇਆ ਸੀ।