ਰੂਸੀ ਰਾਸ਼ਟਰਪਤੀ ਨੂੰ ਮਿਲਣ ਵਾਲਾ ਡਾਕਟਰ ਵੀ ਨਿਕਲਿਆ ਕੋਰੋਨਾ ਪਾਜ਼ੀਟਿਵ

730

ਮਾਸਕੋ, 1 ਅਪ੍ਰੈਲ (ਪੰਜਾਬ ਮੇਲ)- ਇਸ ਸਮੇਂ ਪੂਰੀ ਦੁਨੀਆਂ ਕੋਰੋਨਾਵਾਇਰਸ ਨਾਲ ਲੜ ਰਹੀ ਹੈ। ਇਸ ਵਾਇਰਸ ਨੇ ਆਮ ਲੋਕਾਂ ਦੇ ਨਾਲ-ਨਾਲ ਵਿਸ਼ਵ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪਿਛਲੇ ਹਫ਼ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਹਸਪਤਾਲ ਦੇ ਮੁੱਖ ਡਾਕਟਰ ਨੂੰ ਮਿਲੇ ਸਨ ਤੇ ਹੁਣ ਡਾਕਟਰ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।
ਤੁਹਾਨੂੰ ਦੱਸ ਦੇਈਏ ਕਿ ਪੁਤਿਨ ਪਿਛਲੇ ਹਫਤੇ ਰੂਸ ਦੀ ਰਾਜਧਾਨੀ ਮਾਸਕੋ ‘ਚ ਇਕ ਹਸਪਤਾਲ ਦੇ ਦੌਰੇ ‘ਤੇ ਗਏ ਸਨ, ਜਿੱਥੇ ਉਹ ਡਾ. ਡੈਨਿਸ ਪ੍ਰੋਤਸੇਂਕੇ ਨੂੰ ਮਿਲੇ ਸਨ। ਕੋਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਡੈਨਿਸ ਪ੍ਰੋਤਸੇਂਕੇ ਨੇ ਲਿਖਿਆ, ”ਮੇਰੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ ਪਰ ਮੈਂ ਠੀਕ ਹਾਂ।”
ਇਟਲੀ ‘ਚ ਕੋਰੋਨਾਵਾਇਰਸ ਫੈਲਣ ਦੇ ਬਾਅਦ, ਮਾਹਰਾਂ ਨੇ ਰੂਸੀ ਸਰਕਾਰ ਨੂੰ ਸਾਵਧਾਨ ਕੀਤਾ ਸੀ ਅਤੇ ਵਾਇਰਸ ਨੂੰ ਰੋਕਣ ਲਈ ਕਿਸੇ ਹੱਲ ‘ਤੇ ਕੰਮ ਕਰਨ ਲਈ ਕਿਹਾ ਸੀ। ਹਾਲਾਂਕਿ ਜਦੋਂ ਪੁਤਿਨ ਹਸਪਤਾਲ ਗਏ ਸਨ, ਤਾਂ ਉਨ੍ਹਾਂ ਨੇ ਸਾਰੀਆਂ ਸਾਵਧਾਨੀਆਂ ਅਪਣਾਈਆਂ ਸਨ। ਉੱਥੇ ਹੀ ਪੀੜਤ ਡਾਕਟਰ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਸ ਨੇ ਆਪਣੇ-ਆਪ ਨੂੰ ਆਪਣੇ ਦਫਤਰ ‘ਚ ਵੱਖਰਾ ਕਰ ਲਿਆ ਹੈ ਅਤੇ ਉਹ ਲੋਕਾਂ ਤੋਂ ਦੂਰ ਰਹਿ ਰਹੇ ਹਨ।
44 ਸਾਲਾ ਪ੍ਰੋਤਸੇਂਕੋ ਰੂਸ ਵਿਚ ਕੋਰੋਨਾਵਾਇਰਸ ਦੀ ਲੜਾਈ ‘ਚ ਮਾਸਕੋ ਵਿਚ ਮੁੱਖ ਚਿਹਰਾ ਰਹੇ ਹਨ ਅਤੇ ਉਨ੍ਹਾਂ ਦੀ ਹਦਾਇਤ ਨਾਲ ਕਈ ਲੋਕਾਂ ਨੇ ਰੋਕਥਾਮ ਦੇ ਉਪਾਅ ਵੀ ਅਪਣਾਏ ਹਨ। ਜ਼ਿਕਰਯੋਗ ਹੈ ਕਿ ਰੂਸ ‘ਚ ਮੰਗਲਵਾਰ ਨੂੰ ਰਾਤੋ-ਰਾਤ ਕੋਰੋਨਾਵਾਇਰਸ ਕਾਰਨ 27 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 2,337 ਹੋ ਗਈ।