ਕੀਵ, 10 ਅਪ੍ਰੈਲ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਆਪਣੇ ਹਮਲੇ ਨਾਲ ਪੂਰੇ ਯੂਰਪ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਸ ਦੇ ਦੇਸ਼ ‘ਤੇ ਰੂਸੀ ਹਮਲੇ ਨੂੰ ਰੋਕਣਾ ਸਾਰੇ ਲੋਕਤੰਤਰ ਦੀ ਸੁਰੱਖਿਆ ਲਈ ਜ਼ਰੂਰੀ ਹੈ। ਸ਼ਨਿਚਰਵਾਰ ਦੇਰ ਰਾਤ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਹਮਲੇ ਦਾ ਉਦੇਸ਼ ਇਕੱਲੇ ਯੂਕਰੇਨ ਤੱਕ ਨਹੀਂ ਅਤੇ ਪੂਰਾ ਯੂਰਪ ਰੂਸ ਦੇ ਨਿਸ਼ਾਨੇ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਲਈ ਯੂਕਰੇਨ ਦੀ ਸ਼ਾਂਤੀ ਦੀ ਇੱਛਾ ਦਾ ਸਮਰਥਨ ਕਰਨਾ ਨਾ ਸਿਰਫ ਸਾਰੇ ਲੋਕਤੰਤਰਾਂ ਦਾ ਸਗੋਂ ਯੂਰਪ ਦੀਆਂ ਸਾਰੀਆਂ ਸ਼ਕਤੀਆਂ ਦਾ ਨੈਤਿਕ ਫਰਜ਼ ਹੈ। ਜ਼ੇਲੈਂਸਕੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਦੌਰਾ ਕਰਨ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਆਸਟਰੀਆ ਦੇ ਨੇਤਾਵਾਂ ਦਾ ਧੰਨਵਾਦ ਕੀਤਾ।