ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਐਲਾਨੀ

236
ਲੰਡਨ, 23 ਅਕਤੂਬਰ (ਪੰਜਾਬ ਮੇਲ)- ਭਾਰਤੀ ਮੂਲ ਦੇ ਸਾਬਕਾ ਚਾਂਸਲਰ ਰਿਸ਼ੀ ਸੂਨਕ ਨੇ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦੌੜ ਵਿਚ ਸ਼ਾਮਲ ਹੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੰਮ ਕਰਨਾ ਚਾਹੁੰਦੇ ਹਨ। ਰਿਸ਼ੀ ਸੂਨਕ ਨੇ ਅੱਜ ਪੁਸ਼ਟੀ ਕੀਤੀ ਕਿ ਉਹ ਲਿਜ਼ ਟਰੱਸ ਦੀ ਜਗ੍ਹਾ ਪ੍ਰਧਾਨ ਮੰਤਰੀ ਵਜੋਂ ਉਮੀਦਵਾਰ ਖੜ੍ਹੇ ਹੋ ਰਹੇ ਹਨ। ਉਨ੍ਹਾਂ ਟਵਿੱਟਰ ’ਤੇ ਕਿਹਾ, ‘‘ਯੂਨਾਈਟਿਡ ਕਿੰਗਡਮ ਇੱਕ ਮਹਾਨ ਦੇਸ਼ ਹੈ ਪਰ ਅਸੀਂ ਇੱਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਇਸ ਕਰਕੇ ਮੈਂ ਕੰਜ਼ਰਵੇਟਿਵ ਪਾਰਟੀ ਲੀਡਰ ਅਤੇ ਤੁਹਾਡਾ ਨਵਾਂ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹੋ ਰਿਹਾ ਹਾਂ।’’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਜਗ੍ਹਾ ਕੰਜ਼ਰਵੇਟਿਵ ਪਾਰਟੀ ਨੇਤਾ ਚੋਣ ਵਿਚ ਸਤੰਬਰ ਮਹੀਨੇ ਸੂਨਕ ਨੂੰ ਲਿਜ਼ ਟਰੱਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਿਆਨ ਵਿਚ ਸੂਨਕ ਨੇ ਕਿਹਾ, ‘‘ਸਰਕਾਰ ਵਿਚ ਹਰ ਪੱਧਰ ’ਤੇ ਏਕੀਕਰਨ ਅਤੇ ਜਵਾਬਦੇਹੀ ਹੈ। ਮੈਂ ਅਗਵਾਈ ਕਰਾਂਗਾ ਅਤੇ ਜ਼ਿੰਮੇਵਾਰੀ ਨਿਭਾਉਣ ਲਈ ਦਿਨ-ਰਾਤ ਕੰਮ ਕਰਾਂਗਾ।’’ ਉਨ੍ਹਾਂ ਕਿਹਾ, ‘‘ਮੈਂ ਸਮੱਸਿਆਵਾਂ ਦੇ ਹੱਲ ਲਈ ਤੁਹਾਡੇ ਤੋਂ ਮੌਕਾ ਮੰਗ ਰਿਹਾ ਹਾਂ।