ਰਿਪੋਰਟ ‘ਚ ਖੁਲਾਸਾ : ਕੋਰੋਨਾ ਕਾਲ ‘ਚ ਇਕ ਸਾਲ ਘਟ ਗਈ ਅਮਰੀਕੀਆਂ ਦੀ ਉਮਰ

411
Share

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਕੋਰੋਨਾ ਕਾਲ ‘ਚ ਅਮਰੀਕੀਆਂ ਦੀ ਉਮਰ ਔਸਤਨ ਇਕ ਸਾਲ ਤਕ ਘੱਟ ਗਈ ਹੈ। ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟੀਸਟੀਕਸ ਦੀ ਹਾਲ ਹੀ ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ 2019 ‘ਚ ਅਮਰੀਕੀਆਂ ਦੀ ਔਸਤਨ ਉਮਰ 78.8 ਸਾਲ ਦਰਜ ਕੀਤੀ ਗਈ ਸੀ। 2020 ਦੀ ਪਹਿਲੀ ਛਮਾਹੀ ‘ਚ ਇਹ ਅੰਕੜਾ ਘਟ ਕੇ 77.8 ਸਾਲ ‘ਤੇ ਪਹੁੰਚ ਗਿਆ। ਇਸ ਨੂੰ 1940 ਦੇ ਦਹਾਕੇ ਤੋਂ ਬਾਅਦ ਅਮਰੀਕੀਆਂ ਦੀ ਔਸਤਨ ਜੀਵਨ ਸੰਭਾਵਨਾ ‘ਚ ਸਭ ਤੋਂ ਵੱਡੀ ਕਮੀ ਦੱਸਿਆ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਅਮਰੀਕਾ ‘ਚ ਕੋਰੋਨਾ ਦਾ ਕਹਿਰ ਵਧਣ ‘ਤੇ ਗੈਰ-ਗੋਰਿਆਂ ਦੀ ਉਮਰ ‘ਚ ਸਭ ਤੋਂ ਵਧੇਰੇ 2.7 ਸਾਲ ਦੀ ਗਿਰਾਵਟ ਰਿਕਾਰਡ ਕੀਤੀ ਗਈ। 2019 ‘ਚ ਗੈਰ-ਗੋਰਿਆਂ ਦੀ ਔਸਤਨ ਉਮਰ ਜਿਥੇ 74.7 ਸਾਲ ਸੀ ਉਥੇ, 2020 ਦੀ ਪਹਿਲੀ ਛਮਾਹੀ ‘ਚ ਇਹ ਘਟ ਕੇ 72 ਸਾਲ ‘ਤੇ ਪਹੁੰਚ ਗਈ।
ਹਿਸਪੈਨਿਕ ਸਮੂਹ ਦੀ ਗੱਲ ਕਰੀਏ ਤਾਂ 2020 ‘ਚ ਉਸ ‘ਚ ਸ਼ਾਮਲ ਲੋਕਾਂ ਦੀ ਔਸਤਨ ਜੀਵਨ ਸੰਭਾਵਨਾ 2019 ਦੇ 81.8 ਸਾਲ ਤੋਂ 1.9 ਸਾਲ ਘਟ ਕੇ 79.9 ਸਾਲ ਹੋ ਗਈ। ਉਥੇ, ਗੋਰੇ ਸਮੂਹ ਦੀ ਔਸਤਨ ਉਮਰ 2019 ‘ਚ 78.8 ਸਾਲ ਦਰਜ ਕੀਤੀ ਗਈ ਸੀ।

2020 ਦੀ ਪਹਿਲੀ ਛਮਾਹੀ ‘ਚ ਇਹ 78 ਸਾਲ ਹੋ ਗਈ। ਕੋਰੋਨਾ ਕਾਲ ‘ਚ ਅਮਰੀਕਾ ‘ਚ ਗੋਰੇ ਅਤੇ ਗੈਰ-ਗੋਰੇ ਸਮੂਹ ਦੇ ਲੋਕਾਂ ਦੀ ਔਸਤਨ ਜੀਵਨ ਸੰਭਾਵਨਾ ‘ਚ ਮੌਜੂਦਾ ਫਾਸਲਾ ਵਧ ਕੇ 6 ਸਾਲ ਹੋ ਗਿਆ। ਇਹ ਅੰਕੜਾ ਸਾਲ 2019 ਤੋਂ 46 ਫੀਸਦੀ ਵਧੇਰੇ ਹੈ। 1998 ਤੋਂ ਬਾਅਦ ਤੋਂ ਇਸ ਨੂੰ ਦੋਵਾਂ ਸਮੂਹਾਂ ਦੀ ਔਸਤਨ ਉਮਰ ‘ਚ ਆਇਆ ਸਭ ਤੋਂ ਵੱਡਾ ਫਰਕ ਦੱਸਿਆ ਜਾ ਰਿਹਾ ਹੈ।


Share