ਰਿਪਬਲੀਕਨ ਪਾਰਟੀ ਵੱਲੋਂ ਗੈਰ ਕਾਨੂੰਨੀ ਆਪਣੇ ਬੈਲਟ ਡਰਾਪ ਬਾਕਸ ਰੱਖਣ ‘ਤੇ ਸੈਕਟਰੀ ਆਫ ਸਟੇਟ ਵੱਲੋਂ ਤਾੜਨਾ

571
Share

ਸੈਕਰਾਮੈਂਟੋ, 14 ਅਕਤੂਬਰ (ਪੰਜਾਬ ਮੇਲ)-3 ਨਵੰਬਰ ਨੂੰ ਅਮਰੀਕਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਕੈਲੀਫੋਰਨੀਆ ਵਿਖੇ ਰਿਪਬਲੀਕਨ ਪਾਰਟੀ ਵੱਲੋਂ ਆਪਣੇ ਤੌਰ ‘ਤੇ ਕੁੱਝ ਬੈਲੇਟ ਡਰਾਪ ਬਾਕਸ ਰੱਖੇ ਗਏ ਹਨ, ਜੋ ਕਿ ਕਾਨੂੰਨ ਦੇ ਖਿਲਾਫ ਹਨ। ਇਸ ਤਰ੍ਹਾਂ ਦੇ ਬੈਲੇਟ ਡਰਾਪ ਬਾਕਸ ਰਿਪਬਲੀਕਨ ਪਾਰਟੀ ਵੱਲੋਂ ਫਰਿਜ਼ਨੋ, ਲਾਸ ਏਂਜਲਸ ਅਤੇ ਓਰੈਂਜ ਕਾਊਂਟੀ ਵਿਖੇ ਰੱਖੇ ਗਏ ਹਨ। ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਸ਼੍ਰੀ ਐਲਕਸ ਪਡੇਲਾ ਅਤੇ ਅਟਾਰਨੀ ਜਨਰਲ ਜ਼ੈਵੀਅਰ ਬਸੇਰਾ ਨੇ ਰਿਪਬਲੀਕਨ ਪਾਰਟੀ ਨੂੰ ਇਸ ਨੂੰ ਰੋਕਣ ਸਬੰਧੀ ਸਖ਼ਤ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਵੋਟਰਾਂ ਨੂੰ ਭਰਮਾਉਣਾ ਗਲਤ ਹੈ। ਇਸ ਸਬੰਧੀ ਇਕ ਪੱਤਰਕਾਰ ਸੰਮੇਲਨ ਦੌਰਾਨ ਸੈਕਟਰੀ ਆਫ ਸਟੇਟ ਐਲਕਸ ਪਡੇਲਾ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਸਿਰਫ ਵੋਟ ਪਾਉਣ ਲਈ ਕਹਿ ਸਕਦੀਆਂ ਹਨ, ਉਨ੍ਹਾਂ ਕੋਲੋਂ ਵੋਟ ਬੈਲੇਟ ਪੇਪਰ ਇਕੱਠੇ ਨਹੀਂ ਕਰ ਸਕਦੀਆਂ। ਥਾਂ-ਥਾਂ ‘ਤੇ ਅਣ-ਅਧਿਕਾਰਿਤ ਬੈਲੇਟ ਡਰਾਪ ਬਾਕਸ ਰੱਖਣਾ ਸਟੇਟ ਦੇ ਕਾਨੂੰਨ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਚੋਣ ਅਧਿਕਾਰੀ ਆਉਣ ਵਾਲੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਰਪੂਰ ਯਤਨ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਵੋਟ ਸਿਰਫ ਅਧਿਕਾਰਿਤ ਬੈਲੇਟ ਬਾਕਸ ਵਿਚ ਹੀ ਪਾਉਣ ਜਾਂ ਡਾਕ ਰਾਹੀਂ ਮੇਲ ਕਰ ਦੇਣ।


Share