ਰਿਪਬਲਿਕਨ ਹਾਊਸ ਮੈਂਬਰਾਂ ਨੂੰ ਬਿਨਾਂ ਸਕ੍ਰੀਨਿੰਗ ਸਦਨ ਇਮਾਰਤ ਵਿੱਚ ਦਾਖਲ ਹੋਣ ‘ਤੇ ਹੋਇਆ ਜ਼ੁਰਮਾਨਾ

486
Share

ਫਰਿਜ਼ਨੋ, 7 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਦਨ ਵਿੱਚ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲਾਗੂ ਕੀਤੇ ਜਾ ਰਹੇ ਹਨ , ਜਿਹਨਾਂ ਦੀ ਕੁਤਾਹੀ ਕਰਨ ਲਈ ਜੁਰਮਾਨਿਆਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਹਨਾਂ ਸੁਰੱਖਿਆ ਨਿਯਮਾਂ ਨੂੰ ਤੋੜਨ ‘ਤੇ ਕਿਸੇ ਨੂੰ ਵੀ ਬਖਸਿਆ ਨਹੀ ਜਾ ਰਿਹਾ ਹੈ ,ਚਾਹੇ ਉਹ ਸੰਸਦ ਮੈਂਬਰ ਹੀ ਕਿਉਂ ਨਾ ਹੋਣ। ਹਾਲ ਹੀ ਵਿੱਚ ਰਿਪਬਲਿਕਨ ਪਾਰਟੀ  ਦੇ ਦੋ ਸੰਸਦ ਮੈਂਬਰਾਂ  ਨੂੰ ਸਦਨ ਦੀ ਇਮਾਰਤ ‘ਚ  ਸੁਰੱਖਿਆ ਦੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ । ਇਸ ਮਾਮਲੇ ਵਿੱਚ ਰਿਪਬਲਿਕਨ ਪ੍ਰਤਿਨਿਧ ਜਾਰਜੀਆ ਦੇ ਐਂਡਰਿਊ ਕਲਾਈਡ ਅਤੇ ਟੈਕਸਸ ਦੇ ਲੂਈ ਗੋਮਰਟ ਨੂੰ ਨਵੇਂ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ‘ਤੇ ਹਰੇਕ ਨੂੰ 5000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਇਹ  ਜ਼ੁਰਮਾਨਾ ਸਦਨ ਦੀ ਮੰਜ਼ਿਲ ‘ਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਪੂਰੀ ਕਰਨ ‘ਚ ਅਸਫਲ ਰਹਿੰਦੇ ਮੈਂਬਰਾਂ ਨੂੰ ਸਜ਼ਾ ਦੇਣ ਲਈ ਰੱਖਿਆ ਗਿਆ ਹੈ, ਅਤੇ ਇਸ ਸੰਬੰਧੀ ਮੰਗਲਵਾਰ ਨੂੰ ਪਾਸ ਕੀਤੇ ਗਏ ਨਵੇਂ ਨਿਯਮ ਅਨੁਸਾਰ ਇਹ ਜ਼ੁਰਮਾਨਾ ਮੈਂਬਰਾਂ ਦੀਆਂ ਤਨਖਾਹਾਂ ਵਿੱਚੋਂ ਕੱਟ ਲਿਆ ਜਾਵੇਗਾ। ਇਸਦੇ ਇਲਾਵਾ ਦੂਜੀ ਵਾਰ ਨਿਯਮਾਂ ਦੀ ਉਲੰਘਣਾ ਦੇ ਨਤੀਜੇ ਵਜੋਂ  ਇਹ ਜ਼ੁਰਮਾਨਾ ਵਧ ਕੇ 10,000 ਡਾਲਰ ਤੱਕ ਹੋ ਜਾਵੇਗਾ। ਇਹਨਾਂ ਦੋਵੇਂ ਰਿਪਬਲਿਕਨ ਮੈਂਬਰਾਂ ਦੇ ਮਾਮਲੇ ਵਿੱਚ ਕਲਾਈਡ ਨੇ ਹਾਊਸ ਫਲੋਰ ਵਿੱਚ ਦਾਖਲ ਹੋਣ ਸਮੇਂ ਸਕ੍ਰੀਨਿੰਗ ਪ੍ਰਕਿਰਿਆ ਲਈ ਮੈਟਲ ਡਿਟੈਕਟਰਾਂ ਵਿਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਗੋਹਮਰਟ ਨੇ ਇਸ ਪ੍ਰਕਿਰਿਆ ਨੂੰ ਬਾਥਰੂਮ ਜਾਣ ਲਈ ਛੱਡ ਦਿੱਤਾ ਸੀ।

Share