ਰਿਪਬਲਿਕਨ ਪਾਰਟੀ ਵੱਲੋਂ ਟਰੰਪ ਨੂੰ ਰਾਸ਼ਟਰਪਤੀ ਦੀ ਉਮੀਦਵਾਰੀ ਮਿਲਣੀ ਤੈਅ

763

ਵਾਸ਼ਿੰਗਟਨ, 19 ਮਾਰਚ (ਪੰਜਾਬ ਮੇਲ)-ਦੂਜੇ ਕਾਰਜਕਾਲ ਦੀ ਤਿਆਰੀ ਵਿਚ ਲੱਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਮਿਲਣੀ ਤੈਅ ਹੋ ਗਈ ਹੈ। ਉਨ੍ਹਾਂ ਆਪਣੇ ਗ੍ਰਹਿ ਸੂਬੇ ਫਲੋਰਿਡਾ ਵਿਚ ਪਾਰਟੀ ਦੀ ਪ੍ਰਾਇਮਰੀ ਚੋਣ ਵਿਚ ਸੌਖਿਆਂ ਜਿੱਤ ਦੇ ਨਾਲ ਰਾਸ਼ਟਰਪਤੀ ਉਮੀਦਵਾਰ ਬਣਨ ਲਈ ਜ਼ਰੂਰੀ ਡੈਲੀਗੇਟਸ ਦਾ ਸਮਰਥਨ ਹਾਸਲ ਕਰ ਲਿਆ ਹੈ। ਅਮਰੀਕਾ ਵਿਚ ਨਵੰਬਰ ‘ਚ ਰਾਸ਼ਟਰਪਤੀ ਚੋਣ ਹੋਣੀ ਹੈ।
ਟਰੰਪ ਨੂੰ ਆਪਣੀ ਪਾਰਟੀ ਤੋਂ ਦੁਬਾਰਾ ਉਮੀਦਵਾਰ ਬਣਨ ਦੀ ਹੋੜ ਵਿਚ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਰਿਪਬਲਿਕਨ ਪਾਰਟੀ ਵਿਚ ਕੁੱਲ 2550 ਡੈਲੀਗੇਟਸ ਹਨ। 1276 ਡੈਲੀਗੇਟਸ ਦਾ ਸਮਰਥਨ ਹਾਸਲ ਕਰਨ ਵਾਲੇ ਨੂੰ ਪਾਰਟੀ ਆਪਣਾ ਉਮੀਦਵਾਰ ਬਣਾਉਂਦੀ ਹੈ। ਟਰੰਪ ਨੂੰ ਫਲੋਰਿਡਾ ਦੇ ਸਾਰੇ 122 ਡੈਲੀਗੇਟਸ ਨੇ ਆਪਣਾ ਸਮਰਥਨ ਦਿੱਤਾ। ਇਸਨੂੰ ਮਿਲਾ ਕੇ ਟਰੰਪ ਦਾ ਸਮਰਥਨ ਕਰਨ ਵਾਲੇ ਡੈਲੀਗੇਟਸ ਦਾ ਅੰਕੜਾ 1330 ਹੋ ਗਿਆ ਹੈ। ਟਰੰਪ ਦੀ ਉਮੀਦਵਾਰੀ ਦਾ ਰਸਮੀ ਐਲਾਨ ਅਗਸਤ ਵਿਚ ਹੋਵੇਗਾ। ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਦੇ ਪ੍ਰਮੁੱਖ ਬ੍ਰਾਡ ਪਾਸਕੇਰਲ ਨੇ ਕਿਹਾ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿਚ ਰਿਪਬਲਿਕਨ ਪਾਰਟੀ ਪਹਿਲਾਂ ਤੋਂ ਕਿਤੇ ਜ਼ਿਆਦਾ ਇਕਜੁੱਟ ਅਤੇ ਊਰਜਾਵਾਨ ਹੋਈ ਹੈ।
ਬਿਡੇਨ ਨੇ ਮਜ਼ਬੂਤ ਕੀਤੀ ਦਾਅਵੇਦਾਰੀ
ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵਿਚ ਰਾਸ਼ਟਰਪਤੀ ਉਮੀਦਵਾਰੀ ਦੇ ਲਈ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਉਨ੍ਹਾਂ ਨੇ ਫਲੋਰਿਡਾ, ਇਲੀਨਾਇਸ ਅਤੇ ਐਰੀਜ਼ੋਨਾ ਦੀ ਪ੍ਰਾਇਮਰੀ ਚੋਣ ਵਿਚ ਮੁਕਾਬਲੇਬਾਜ਼ ਬਰਨੀ ਸੈਂਡਰਸ ‘ਤੇ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ 77 ਸਾਲਾ ਬਿਡੇਨ ਦੇ ਸਮਰਥਕ ਡੈਲੀਗੇਟਸ ਦੀ ਗਿਣਤੀ ਵੱਧ ਕੇ 1121 ਹੋ ਗਈ ਹੈ। 78 ਸਾਲਾ ਸੈਂਡਰਸ ਨੂੰ ਹੁਣ ਤਕ 839 ਡੈਲੀਗੇਟਸ ਦਾ ਸਮਰਥਨ ਮਿਲਿਆ ਹੈ। ਡੈਮੋਕ੍ਰੇਟਿਕ ਪਾਰਟੀ ਵਿਚ ਕੁੱਲ 3979 ਡੈਲੀਗੇਟਸ ਹਨ। 1991 ਡੈਲੀਗੇਟਸ ਦਾ ਸਮਰਥਨ ਹਾਸਲ ਕਰਨ ਵਾਲੇ ਨੂੰ ਉਮੀਦਵਾਰੀ ਮਿਲੇਗੀ।