ਰਾਹੁਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀ ਸਿਆਸਤ ਨੇ ਰੰਗ ਬਦਲਣਾ ਕੀਤਾ ਸ਼ੁਰੂ

561
Share

-ਟ੍ਰੈਕਟਰ ਰੈਲੀਆਂ ਤੋਂ ਮੁੜ ਤੋਂ ਸਰਗਰਮ ਹੋਣਗੇ ਨਵਜੋਤ ਸਿੱਧੂ!
ਚੰਡੀਗੜ੍ਹ, 3 ਅਕਤੂਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ‘ਚ ਟਰੈਕਟਰ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਪਰ ਰਾਹੁਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀ ਸਿਆਸਤ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਣ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੱਧੂ ਨੂੰ ਮਨਾਉਣ ਵਿਚ ਕਾਮਯਾਬ ਹੋਣਾ ਅਤੇ ਉਨ੍ਹਾਂ ਨੂੰ ਪਾਰਟੀ ਦਾ ਭਵਿੱਖ ਦੱਸਣਾ ਹੈ। ਕਾਂਗਰਸ ਵਲੋਂ ਸਿੱਧੂ ਨੂੰ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟ੍ਰੈਕਟਰ ਰੈਲੀਆਂ ਵਿਚ ਲਿਆ ਕੇ ਮੁੜ ਤੋਂ ਸਰਗਰਮ ਕੀਤਾ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੀ ਸਿਆਸਤ ‘ਚ ਸਭ ਤੋਂ ਅਹਿਮ ਘਟਨਾਕ੍ਰਮ ਉਦੋਂ ਉਭਰ ਕੇ ਸਾਹਮਣੇ ਆਇਆ, ਜਦੋਂ ਵੀਰਵਾਰ ਨੂੰ ਹਰੀਸ਼ ਰਾਵਤ ਨੇ ਅੰਮ੍ਰਿਤਸਰ ‘ਚ ਜਾ ਕੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਿੱਧੂ ਵਲੋਂ 15 ਮਹੀਨੇ ਤੋਂ ਕਾਂਗਰਸ ਤੋਂ ਬਣਾਈ ਦੂਰੀ ਨੂੰ ਲਗਭਗ ਖ਼ਤਮ ਕਰ ਦਿੱਤਾ। ਇਸ ਉਪਰੰਤ ਰਾਵਤ ਨੇ ਸਾਫ਼ ਕਿਹਾ ਕਿ ਨਵਜੋਤ ਸਿੱਧੂ ਬਹੁਤ ਜਲਦ ਮੁੜ ਪੰਜਾਬ ‘ਚ ਪਹਿਲਾਂ ਵਾਂਗ ਗਰਜਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਾਵਤ ਨੇ ਦਾਅਵਾ ਕੀਤਾ ਕਿ ਸਿੱਧੂ ਰਾਹੁਲ ਗਾਂਧੀ ਦੀ ਰੈਲੀ ‘ਚ ਸ਼ਮੂਲੀਅਤ ਕਰ ਰਹੇ ਹਨ। ਰਾਵਤ ਦੇ ਐਲਾਨ ਤੋਂ ਬਾਅਦ ਪਾਰਟੀ ਵਿਚ ਜਿਹੜੇ ਨੇਤਾ ਪਹਿਲਾਂ ਕੈਪਟਨ ਦੋਂ ਡਰਦੇ ਕੁਝ ਬੋਲ ਨਹੀਂ ਰਹੇ ਸਨ ਹੁਣ ਉਹ ਮੁੜ ਸਰਗਰਮ ਹੋ ਜਾਣਗੇ।
ਉਧਰ ਰਾਹੁਲ ਗਾਂਧੀ ਦੇ ਟ੍ਰੈਕਟਰ ‘ਤੇ ਬੈਠਣਗੇ ਨੂੰ ਲੈ ਕੇ ਵੀ ਖਿੱਚੋ-ਤਾਣ ਚੱਲ ਰਹੀ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਚਾਹੁੰਦੀਆਂ ਹਨ ਕਿ ਰਾਹੁਲ ਬੁਲਟਪਰੂਫ ਟ੍ਰੈਕਟਰ ‘ਤੇ ਬੈਠਣ ਪਰ ਪੰਜਾਬ ਕਾਂਗਰਸ ਆਮ ਟ੍ਰੈਕਟਰ ‘ਤੇ ਇਹ ਮਾਰਚ ਕੱਢਣਾ ਚਾਹੁੰਦੀ ਹੈ ਕਿਉਂਕਿ ਜੇਕਰ ਬੁਲਟ ਪਰੂਫ ਟ੍ਰੈਕਟਰ ‘ਤੇ ਰਾਹੁਲ ਬੈਠਦੇ ਹਨ, ਤਾਂ ਇਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਵਿਚ ਗ਼ਲਤ ਸੰਦੇਸ਼ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਦੇ ਇਸ ਟ੍ਰੈਕਟਰ ਮਾਰਚ ਲਈ ਪ੍ਰਤਾਪ ਬਾਜਵਾ ਨੂੰ ਵੀ ਸੱਦਾ ਦਿੱਤਾ ਹੈ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਦੋ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਤਾਂ ਅਜਿਹੇ ‘ਚ ਕਾਂਗਰਸ ਸੂਬੇ ਦੀ ਸੱਤਾ ‘ਚ ਮੁੜ ਕਾਬਜ਼ ਹੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ।
ਨਵਜੋਤ ਸਿੱਧੂ ਨੂੰ ਜਿੱਥੇ ਕਾਂਗਰਸ ‘ਚ ਮੁੜ ਸਰਗਰਮ ਕੀਤਾ ਜਾ ਰਿਹਾ ਹੈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਵੀ ਸਿੱਧੂ ‘ਤੇ ਨਰਮ ਪਏ ਜਾਪ ਰਹੇ ਹਨ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਮੁੱਖ ਧਾਰਾ ‘ਚ ਲੈ ਕੇ ਆਉਣ ਲਈ ਤਿਆਰ ਵੀ ਹੋ ਗਏ ਹਨ। ਉਂਝ ਕੈਪਟਨ ਪਹਿਲਾਂ ਵੀ ਕਈ ਵਾਰ ਇਹ ਗੱਲ ਆਖ ਚੁੱਕੇ ਹਨ ਕਿ ਨਵਜੋਤ ਸਿੱਧੂ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ ਅਤੇ ਜੇਕਰ ਸਿੱਧੂ ਨੂੰ ਕੋਈ ਪ੍ਰੇਸ਼ਾਨੀ ਹੈ, ਤਾਂ ਉਹ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ।


Share