ਰਾਹੁਲ ਗਾਂਧੀ ਵੱਲੋਂ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਨੂੰ ‘ਸ਼ਹੀਦਾਂ ਦਾ ਨਿਰਾਦਰ’ ਕਰਾਰ

682
ਅੰਮਿ੍ਰਤਸਰ ’ਚ ਜੱਲ੍ਹਿਆਂਵਾਲਾ ਬਾਗ਼ ਨੂੰ ਜਾਂਦੇ ਰਸਤੇ ਦੀ ਨਵੀਨੀਕਰਨ ਤੋਂ ਬਾਅਦ ਦੀ ਤਸਵੀਰ।
Share

– ਕੇਂਦਰ ਦੀ ਮੋਦੀ ਸਰਕਾਰ ਨੂੰ ਭੰਡਿਆ
ਨਵੀਂ ਦਿੱਲੀ, 1 ਸਤੰਬਰ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਨੂੰ ‘ਸ਼ਹੀਦਾਂ ਦਾ ਨਿਰਾਦਰ’ ਕਰਾਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਜਿਸ ਸ਼ਖ਼ਸ ਨੂੰ ‘ਸ਼ਹਾਦਤ’ ਦਾ ਮਤਲਬ ਨਾ ਪਤਾ ਹੋਵੇ, ਉਹੀ ਅਜਿਹਾ ਅਪਮਾਨ ਕਰ ਸਕਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਜੱਲ੍ਹਿਆਂਵਾਲਾ ਬਾਗ ਯਾਦਗਾਰ ਕੰਪਲੈਕਸ ’ਚ ਸੁੰਦਰੀਕਰਨ ਦੇ ਨਾਂ ’ਤੇ ਕੀਤੇ ਕਥਿਤ ਫ਼ੇਰਬਦਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੁੱਟੇ ਗੁੱਸੇ ਬਾਰੇ ਇਕ ਮੀਡੀਆ ਰਿਪੋਰਟ ਟੈਗ ਕਰਦਿਆਂ ਕੀਤੇ ਟਵੀਟ ਵਿਚ ਕਿਹਾ ਕਿ ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਫੇਰਬਦਲ ਦੇ ਨਾਂ ’ਤੇ ‘ਇਤਿਹਾਸ ਨੂੰ ਤਬਾਹ’ ਕੀਤਾ ਜਾ ਰਿਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਸੁੰਦਰੀਕਰਨ ਮਗਰੋਂ ਸ਼ਨਿੱਚਰਵਾਰ ਨੂੰ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਸ਼੍ਰੀ ਮੋਦੀ ਨੇ ਇਸ ਮੌਕੇ ਮਿਊਜ਼ੀਅਮ ਗੈਲਰੀਆਂ ਦਾ ਵੀ ਡਿਜੀਟਲੀ ਉਦਘਾਟਨ ਕੀਤਾ ਸੀ।
ਅੰਮਿ੍ਰਤਸਰ ’ਚ ਜੱਲ੍ਹਿਆਂਵਾਲਾ ਬਾਗ਼ ਨੂੰ ਜਾਂਦੇ ਰਸਤੇ ਦੀ ਨਵੀਨੀਕਰਨ ਤੋਂ ਪਹਿਲਾਂ ਦੀ ਤਸਵੀਰ।

ਰਾਹੁਲ ਗਾਂਧੀ ਨੇ ਇਕ ਟਵੀਟ ’ਚ ਕਿਹਾ, ‘‘ਜਿਸ ਵਿਅਕਤੀ ਨੂੰ ਸ਼ਹਾਦਤ ਦਾ ਮਤਲਬ ਨਾ ਪਤਾ ਹੋਵੇ, ਉਹੀ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਕਰ ਸਕਦਾ ਹੈ।’’ ਰਾਹੁਲ ਨੇ ਕਿਹਾ, ‘‘ਮੈਂ ਵੀ ਸ਼ਹੀਦ ਦਾ ਪੁੱਤ ਹਾਂ…ਮੈਂ ਕਿਸੇ ਵੀ ਕੀਮਤ ’ਤੇ ਸ਼ਹੀਦਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਇਸ ਅਸ਼ਿਸ਼ਟ ਜ਼ੁਲਮ ਦੇ ਖ਼ਿਲਾਫ਼ ਹਾਂ।’ ਇਕ ਹੋਰ ਟਵੀਟ ’ਚ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਨਹੀਂ ਕੀਤਾ, ਉਨ੍ਹਾਂ ਨੂੰ ਆਜ਼ਾਦੀ ਲਈ ਲੜਨ ਵਾਲਿਆਂ ਵੱਲੋਂ ਪਾਏ ਯੋਗਦਾਨ ਦੀ ਸਮਝ ਨਹੀਂ ਲੱਗ ਸਕਦੀ। ਕਾਂਗਰਸ ਆਗੂ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਨਵੀਨੀਕਰਨ ਦੇ ਨਾਂ ’ਤੇ ਜੱਲ੍ਹਿਆਂਵਾਲਾ ਬਾਗ਼ ਡਿਉਢੀ ਵਿਚ ਕੀਤਾ ਫੇਰਬਦਲ ਅਸਲ ’ਚ ਇਸ ਨੂੰ ਸਾਂਭਣ ਲਈ ਨਹੀਂ, ਬਲਕਿ ਜਨਰਲ ਡਾਇਰ ਵੱਲੋਂ ਬਰਤਾਨਵੀ ਰਾਜ ਦੌਰਾਨ ਕੀਤੇ ਜ਼ੁਲਮਾਂ ਦੇ ਨਿਸ਼ਾਨਾਂ ਨੂੰ ਮਿਟਾਉਣਾ ਹੈ। ਸ਼ੇਰਗਿੱਲ ਨੇ ਕਿਹਾ, ‘‘ਜਲ੍ਹਿਆਂਵਾਲਾ ਬਾਗ਼ ਡਿਉਢੀ ਦਾ ਕੀਤਾ ਗਿਆ ਸੁੰਦਰੀਕਰਨ ਉਸ ਘਾਤਕ ਦਿਨ ਸ਼ਹੀਦੀਆਂ ਪਾਉਣ ਵਾਲਿਆਂ ਦਾ ਅਪਮਾਨ ਹੈ। ਸ਼ਰਮ ਆਉਣੀ ਚਾਹੀਦੀ ਹੈ।’’ ਇਸ ਤੋਂ ਪਹਿਲਾਂ ਲੋਕ ਸਭਾ ’ਚ ਕਾਂਗਰਸ ਸੰਸਦੀ ਦਲ ਦੇ ਉਪ ਆਗੂ ਗੌਰਵ ਗੋਗੋਈ ਨੇ ਵੀ ਬੀਤੇ ਦਿਨੀਂ ਕੀਤੇ ਟਵੀਟ ਵਿਚ ਕਿਹਾ ਸੀ ਕਿ ‘ਭਾਵੇਂ ਮੈਨੂੰ ਰਵਾਇਤੀ ਭਾਰਤੀ ਕਿਹਾ ਜਾਵੇ, ਪਰ ਮੈਂ ਜੱਲ੍ਹਿਆਂਵਾਲਾ ਬਾਗ਼ ਸਮਾਰਕ ਵਿਚ ਡਿਸਕੋ ਲਾਈਟਾਂ ਲਾਉਣ ਦੇ ਹੱਕ ਵਿਚ ਨਹੀਂ ਹਾਂ, ਕਿਉਂਕਿ ਅਜਿਹੀ ਚਮਕ-ਦਮਕ ਯਾਦਗਾਰ ਨਾਲ ਜੁੜੇ ਖ਼ੌਫ਼ ਦੀ ਸ਼ਿੱਦਤ ਨੂੰ ਘਟਾਉਂਦੀ ਹੈ।’


Share