ਰਾਸ਼ਟਰਪਤੀ ਬਣਦਿਆਂ ਹੀ ਟਰੰਪ ਦੇ ਫੈਸਲੇ ਰੱਦ ਕਰਦੇ ਸਕਦੇ ਨੇ ਜੋਅ ਬਾਇਡਨ

491
Share

-ਮੈਕਸੀਕੋ ਸਰਹੱਦ ’ਤੇ ਰੁਕੇਗੀ ਕੰਧ ਦੀ ਉਸਾਰੀ
ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਜੋਅ ਬਾਇਡਨ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ’ਚ ਹੀ ਉਹ ਟਰੰਪ ਦੇ ਕਈ ਫੈਸਲੇ ਪਲਟ ਸਕਦੇ ਹਨ। ਜੋਅ ਬਾਇਡਨ ਅਮਰੀਕਾ ਦੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ’ਚ ਵਾਪਸੀ ਦੀ ਘੋਸ਼ਣਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪੈਰਿਸ ਜਲਵਾਯੂ ’ਚ ਅਮਰੀਕਾ ਦੁਬਾਰਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਮੁਸਲਿਮ ਦੇਸ਼ਾਂ ’ਤੇ ਯਾਤਰਾ ਦੀ ਲਾਈ ਪਾਬੰਦੀ ਵੀ ਹਟਾਈ ਜਾ ਸਕਦੀ ਹੈ।
ਮੈਕਸੀਕੋ ਸਰਹੱਦ ’ਤੇ ਕੰਧ ਦੀ ਉਸਾਰੀ ਦੇ ਕੰਮ ’ਤੇ ਵੀ ਬਾਇਡਨ ਰੋਕ ਲਾ ਸਕਦੇ ਹਨ। ਸੰਯੁਕਤ ਰਾਜ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲਿਆਂ ਨੂੰ ਰੋਕਣ ਲਈ ਡੋਨਾਲਡ ਟਰੰਪ ਨੇ ਇਸ ਦੀਵਾਰ ਨੂੰ ਬਣਾਉਣ ਦਾ ਹੁਕਮ ਦਿੱਤਾ ਸੀ।
ਖ਼ਬਰਾਂ ਹਨ ਕਿ ਬਾਇਡਨ ਰਾਸ਼ਟਰਪਤੀ ਬਣਨ ਦੇ ਪਹਿਲੇ ਹੀ ਦਿਨ ਘੱਟੋ-ਘੱਟ 17 ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨ ਵਾਲੇ ਹਨ, ਜਿਨ੍ਹਾਂ ਵਿਚ 8 ਸਿੱਧੇ ਟਰੰਪ ਦੇ ਫ਼ੈਸਲੇ ਉਲਟਾਉਣ ਵਾਲੇ ਹਨ।
ਕੋਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕਰਨਾ ਜੋਅ ਬਾਇਡਨ ਦੀ ਪਹਿਲੀ ਤਰਜੀਹ ਹੋਵੇਗੀ। ਅਮਰੀਕੀਆਂ ਨੂੰ 100 ਦਿਨਾਂ ਤੱਕ ਲਈ ਮਾਸਕ ਪਾਉਣ ਲਈ ਕਿਹਾ ਜਾ ਸਕਦਾ ਹੈ ਅਤੇ ਸਰਕਾਰੀ ਦਫ਼ਤਰਾਂ ’ਚ ਮਾਸਕ ਤੇ ਸਮਾਜਿਕ ਦੂਰੀ ਬਣਾਉਣ ਲਈ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਹਿਲੇ ਹੀ ਦਿਨ ਇਮੀਗ੍ਰੇਸ਼ਨ ਬਿੱਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਹਿਤ ਅਮਰੀਕਾ ਵਿਚ ਬਿਨਾਂ ਕਾਨੂੰਨੀ ਦਰਜੇ ਦੇ ਰਹਿ ਰਹੇ 1 ਕਰੋੜ 10 ਲੱਖ ਲੋਕਾਂ ਨੂੰ ਉੱਥੇ ਦੀ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ। ਇਸ ਨਾਲ ਤਕਰੀਬਨ 5 ਲੱਖ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।

Share