ਰਾਸ਼ਟਰਪਤੀ ਦੀ ਚੋਣ ਤੇ ਕੈਨੇਡਾ ‘ਚ ਪੰਜਾਬੀਆਂ ਦੀ ਜਿੱਤ

628
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਅਮਰੀਕਾ ਵਿਚ ਰਾਸ਼ਟਰਪਤੀ ਦੀ ਵੱਕਾਰੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। 3 ਨਵੰਬਰ ਨੂੰ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਵੇਲੇ ਵੋਟਾਂ ਪਾਉਣ ਦੀ ਪ੍ਰਕਿਰਿਆ ਸਿਖਰ ਉਪਰ ਪੁੱਜੀ ਹੋਈ ਹੈ। ਰਾਸ਼ਟਰਪਤੀ ਦੀ ਚੋਣ ਲਈ ਚੋਣ ਦ੍ਰਿਸ਼ ਇਸ ਕਰਕੇ ਬੜਾ ਦਿਲਚਸਪ ਬਣਿਆ ਹੋਇਆ ਹੈ, ਕਿਉਂਕਿ ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਵਿਚੋਂ ਕਿਸੇ ਵੀ ਹੱਕ ਵਿਚ ਕੋਈ ਸਪੱਸ਼ਟ ਹਵਾ ਚੱਲ ਰਹੀ ਨਜ਼ਰ ਨਹੀਂ ਆ ਰਹੀ। ਇਸ ਦੇ ਉਲਟ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਵੱਕਾਰੀ ਚੋਣ ਜਿਸ ਉਪਰ ਦੇਸ਼ ਦੇ ਲੋਕਾਂ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਹਨ, ਵਿਚ ਕੋਈ ਵੀ ਕੌਮੀ ਜਾਂ ਕੌਮਾਂਤਰੀ ਅਹਿਮ ਮੁੱਦਾ ਛਾਇਆ ਹੋਇਆ ਨਹੀਂ। ਸਗੋਂ ਸਾਰੀ ਚੋਣ ਬਹਿਸ ਅਤੇ ਅਟਕਲਾਂ ਬਹੁਤ ਨੀਵੇਂ ਪੱਧਰ ਦੀ ਸਿਆਸਤ ਵਾਲੀਆਂ ਹੀ ਚੱਲ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਬੜੀ ਮਹੱਤਵਪੂਰਨ ਮੰਨੀ ਜਾਂਦੀ ਰਾਸ਼ਟਰਪਤੀ ਚੋਣ ਬਹਿਸ ਦਾ ਤੀਜਾ ਗੇੜ ਬਹੁਤ ਹੀ ਨੀਵੇਂ ਪੱਧਰ ਦਾ ਤੇ ਗੈਰ ਮਹੱਤਵਪੂਰਨ ਗੱਲਾਂ ਉਪਰ ਹੀ ਰਿਹਾ। ਡੋਨਾਲਡ ਟਰੰਪ ਨੇ ਆਪਣੇ ਸੁਭਾਅ ਮੁਤਾਬਕ ਇਸ ਗੰਭੀਰ ਬਹਿਸ ਵਿਚ ਵੀ ਹੁੱਲੜਬਾਜ਼ ਅੰਦਾਜ਼ ਦਾ ਹੀ ਪ੍ਰਗਟਾਵਾ ਕੀਤਾ। ਉਨ੍ਹਾਂ ਬਿਨਾਂ ਕਿਸੇ ਲੋੜ ਅਤੇ ਮਹੱਤਵ ਦੇ ਹੋਰਨਾਂ ਦੇਸ਼ਾਂ ਬਾਰੇ ਬਦਨੁਮਾ ਗੱਲਾਂ ਕੀਤੀਆਂ। ਉਨ੍ਹਾਂ ਬੜੇ ਹੀ ਅਲਗਰਜ਼ ਤਰੀਕੇ ਨਾਲ ਕਿਹਾ ਕਿ ਭਾਰਤ, ਰੂਸ ਤੇ ਚੀਨ ਗੰਦੇ ਮੁਲਕ ਹਨ ਅਤੇ ਉਨ੍ਹਾਂ ਦੀ ਆਬੋ-ਹਵਾ ਵੀ ਗੰਦੀ ਹੈ। ਟਰੰਪ ਦੀ ਇਸ ਸ਼ਬਦਾਵਲੀ ਨੂੰ ਪੂਰੇ ਅਮਰੀਕਾ ਵਿਚ ਕਿਸੇ ਨੇ ਵੀ ਪਸੰਦ ਨਹੀਂ ਕੀਤਾ। ਉਲਟਾ ਸਗੋਂ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਟਰੰਪ ਨੂੰ ਖੂਬ ਰਗੜੇ ਲਗਾਏ ਹਨ ਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤ ਵਰਗੇ ਦੋਸਤ ਮੁਲਕ ਬਾਰੇ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ। ਕੋਵਿਡ ਆਫਤ ਸਮੇਂ ਟਰੰਪ ਵੱਲੋਂ ਚੀਨ ਖਿਲਾਫ ਵਿੱਢੀ ਮੁਹਿੰਮ ਵਿਚ ਭਾਰਤ ਅਮਰੀਕਾ ਦਾ ਸਭ ਤੋਂ ਨੇੜਲਾ ਸੰਗੀ ਬਣਿਆ ਹੈ। ਇਸ ਕਰਕੇ ਇਸ ਵੇਲੇ ਭਾਰਤ ਅਤੇ ਚੀਨ ਵਿਚਕਾਰ ਸੰਬੰਧ ਬੜੇ ਟਕਰਾਅ ਵਾਲੇ ਬਣੇ ਹੋਏ ਹਨ। ਅਜਿਹੀ ਹਾਲਤ ਵਿਚ ਟਰੰਪ ਵੱਲੋਂ ਭਾਰਤ ਬਾਰੇ ਕੀਤੀ ਟਿੱਪਣੀ ਬੇਹੱਦ ਚੁੱਭਵੀਂ ਅਤੇ ਬੇਲੋੜੀ ਸਮਝੀ ਜਾ ਰਹੀ ਹੈ। ਬਹੁਤ ਸਾਰੇ ਹਲਕੇ ਤਾਂ ਟਰੰਪ ਨੂੰ ਹਮੇਸ਼ਾ ਪੰਗੇਬਾਜ਼ ਕਹਿੰਦੇ ਆ ਰਹੇ ਹਨ ਤੇ ਚੋਣ ਬਹਿਸ ਦੌਰਾਨ ਭਾਰਤ ਵਰਗੇ ਚੰਗੇ ਦੋਸਤ ਨੂੰ ਗੰਦਾ ਕਹਿਣਾ ਉਨ੍ਹਾਂ ਦੀ ਪੰਗੇਬਾਜ਼ ਸੋਚ ਦਾ ਹੀ ਪ੍ਰਗਟਾਵਾ ਹੈ। ਜਦੋਂ ਕਿ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ, ਤਾਂ ਉਹ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਪਿਛਲੇ ਦਿਨਾਂ ਵਿਚ ਐੱਚ-1ਬੀ ਵੀਜ਼ਾ ਉਪਰ ਸਖ਼ਤੀ ਤੇ ਪਾਬੰਦੀਆਂ ਦੇ ਲਗਾਤਾਰ ਕੀਤੇ ਫੈਸਲਿਆਂ ਅਤੇ ਵਿਵਾਦਾਂ ਨੇ ਵੀ ਟਰੰਪ ਲਈ ਮੁਸ਼ਕਿਲਾਂ ਹੀ ਖੜ੍ਹੀਆਂ ਕੀਤੀਆਂ ਹਨ। ਹਾਲਾਂਕਿ ਇਸ ਮੌਕੇ ਅਜਿਹੇ ਵਿਵਾਦ ਖੜ੍ਹੇ ਕਰਨ ਦਾ ਕੋਈ ਅਰਥ ਨਹੀਂ। ਟਰੰਪ ਨੇ ਕੁੱਝ ਸਮਾਂ ਪਹਿਲਾਂ 1 ਨਵੰਬਰ ਨੂੰ ਕਰੋਨਾ ਦੇ ਇਲਾਜ ਦੀ ਦਵਾਈ ਸਪਲਾਈ ਕਰਨ ਦਾ ਐਲਾਨ ਕਰਕੇ ਅਮਰੀਕੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਸੀ। ਪਰ ਉਨ੍ਹਾਂ ਦੇ ਇਸ ਕਾਹਲ ਭਰੇ ਕਦਮ ਦੀ ਉਦੋਂ ਵੀ ਆਲੋਚਨਾ ਹੋਈ ਸੀ ਅਤੇ ਹੁਣ ਇਸ ਉਪਰ ਅਮਲ ਨਾ ਹੋਣ ਕਾਰਨ ਆਲੋਚਨਾ ਹੋ ਰਹੀ ਹੈ।
ਉਂਝ ਤਾਂ ਟਰੰਪ ਪ੍ਰਸ਼ਾਸਨ ਦਾ ਸਾਰਾ ਕਾਰਜਕਾਲ ਹੀ ਸੰਕਟਾਂ ਵਿਚ ਘਿਰਿਆ ਰਿਹਾ ਹੈ। ਉਨ੍ਹਾਂ ਵੱਲੋਂ ਕੀਤੇ ਅਨੇਕਾਂ ਫੈਸਲੇ ਅਦਾਲਤਾਂ, ਕਾਂਗਰਸ ਜਾਂ ਹੋਰ ਟ੍ਰਿਬਿਊਨਲਾਂ ਵੱਲੋਂ ਰੱਦ ਕੀਤੇ ਜਾਂਦੇ ਰਹੇ ਹਨ। ਸ਼ਾਇਦ ਇਹ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਵੱਲੋਂ ਕੀਤੇ ਫੈਸਲਿਆਂ ਨੂੰ ਇੰਨੀ ਵੱਡੀ ਪੱਧਰ ਉੱਤੇ ਅਦਾਲਤਾਂ ਜਾਂ ਕਾਂਗਰਸ ਦਾ ਸਾਹਮਣਾ ਕਰਨਾ ਪਿਆ ਹੈ। ਅਸਲ ਵਿਚ ਟਰੰਪ ਨੇ ਕਦੇ ਵੀ ਲੋਕ ਭਾਵਨਾਵਾਂ ਜਾਂ ਦੂਸਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਰਾਜਨੀਤੀ ਅਖਤਿਆਰ ਕਰਨ ਦਾ ਯਤਨ ਹੀ ਨਹੀਂ ਕੀਤਾ। ਕਰੋਨਾਵਾਇਰਸ ਵੱਲੋਂ ਪੈਦਾ ਕੀਤੀ ਆਰਥਿਕ ਮੰਦੀ ਵਿਚੋਂ ਨਿਕਲਣ ਲਈ ਵੀ ਉਨ੍ਹਾਂ ਠੋਸ ਯੋਜਨਾਬੰਦੀ ਕਰਨ ਵੱਲ ਘੱਟ ਧਿਆਨ ਦਿੱਤਾ ਹੈ, ਸਗੋਂ ਬੜਬੋਲੇ ਢੰਗ ਨਾਲ ਬਿਆਨ ਦੇਣ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੈ। ਇਨ੍ਹਾਂ ਗੱਲਾਂ ਨੂੰ ਅਮਰੀਕੀ ਵੋਟਰ ਬੜੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਮੀਦ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਉਹ ਵੋਟ ਦੇਣ ਸਮੇਂ ਗੰਭੀਰਤਾ ਨਾਲ ਸੋਚ-ਵਿਚਾਰ ਵੀ ਕਰਨਗੇ।
ਅਮਰੀਕਾ ਦੇ ਨਾਲ ਲੱਗਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਹੋਈਆਂ ਚੋਣਾਂ ਵਿਚ ਮੁੜ ਫਿਰ ਰਾਜਨੀਤਿਕ ਖੇਤਰ ਵਿਚ ਪੰਜਾਬੀਆਂ ਨੇ ਬੜੀ ਵੱਡੀ ਮੱਲ੍ਹ ਮਾਰੀ ਹੈ। 87 ਮੈਂਬਰੀ ਵਿਧਾਨ ਸਭਾ ਵਿਚ ਇਸ ਵਾਰ 8 ਪੰਜਾਬੀ ਮਰਦ ਅਤੇ ਔਰਤਾਂ ਵਿਧਾਇਕ ਚੁਣੀਆਂ ਗਈਆਂ ਹਨ। ਵਰਣਨਯੋਗ ਗੱਲ ਹੈ ਕਿ ਜੇਤੂ ਰਹੇ ਸਾਰੇ ਹੀ ਉਮੀਦਵਾਰ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨਿਸ਼ਾਨ ਉਪਰ ਚੋਣ ਜਿੱਤੇ ਹਨ। ਉਂਝ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਚੋਣ ਵਿਚ 24 ਪੰਜਾਬੀ ਆਪਣੀ ਕਿਸਮਤ ਅਜ਼ਮਾ ਰਹੇ ਸਨ। ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਦਾ ਜੰਮਪਲ ਅਮਨਦੀਪ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦਾ ਪਹਿਲਾ ਦਸਤਾਰਧਾਰੀ ਸਿੱਖ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਉਂਝ ਤਾਂ ਉੱਜਲ ਦੁਸਾਂਝ, ਸਰਬ ਧਾਲੀਵਾਲ ਵਰਗੇ ਪੰਜਾਬੀ ਸਿੱਖ 40 ਸਾਲ ਪਹਿਲਾਂ ਤੋਂ ਇੱਥੇ ਵਿਧਾਇਕ ਬਣਦੇ ਆ ਰਹੇ ਹਨ। ਪਰ ਦਸਤਾਰਧਾਰੀ ਸਿੱਖ ਵਜੋਂ ਅਮਨਦੀਪ ਸਿੰਘ ਪਹਿਲੇ ਵਿਧਾਇਕ ਹਨ। ਵਰਣਨਯੋਗ ਗੱਲ ਇਹ ਵੀ ਹੈ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਖੇਤਰਾਂ ਵਿਚ ਬਹੁਤਾ ਕਰਕੇ ਪੰਜਾਬੀਆਂ ਦਾ ਪੰਜਾਬੀ ਉਮੀਦਵਾਰਾਂ ਨਾਲ ਹੀ ਵਿਰੋਧ ਸੀ। ਐੱਨ.ਡੀ.ਪੀ., ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਤਿੰਨ ਵੱਲੋਂ ਹੀ ਪੰਜਾਬੀ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਐੱਨ.ਡੀ.ਪੀ. ਦੇ ਜੇਤੂ 8 ਉਮੀਦਵਾਰਾਂ ਵਿਚ ਪੰਜ ਮਰਦ ਅਤੇ ਤਿੰਨ ਔਰਤਾਂ ਸ਼ਾਮਲ ਹਨ। ਇਹ ਵੀ ਬੜੀ ਮਹੱਤਵਪੂਰਨ ਗੱਲ ਹੈ ਕਿ ਕੈਨੇਡਾ ਵਿਚ ਆ ਕੇ ਵਸੇ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਹੋਰਨਾਂ ਖੇਤਰਾਂ ਵਾਂਗ ਕੈਨੇਡਾ ਵਿਚ ਰਾਜਨੀਤਿਕ ਖੇਤਰ ‘ਚ ਮਰਦਾਂ ਦੇ ਬਰਾਬਰ ਆ ਖੜ੍ਹੀਆਂ ਹਨ। ਦੁਨੀਆਂ ਵਿਚ ਕੈਨੇਡਾ ਪਹਿਲਾ ਮੁਲਕ ਹੈ, ਜਿੱਥੇ ਪੰਜਾਬ ਤੋਂ ਆਏ ਪੰਜਾਬੀਆਂ ਨੇ ਰਾਜਨੀਤਿਕ ਖੇਤਰ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਇਕੱਲਾ ਬ੍ਰਿਟਿਸ਼ ਕੋਲੰਬੀਆ ਹੀ ਨਹੀਂ, ਸਗੋਂ ਓਨਟਾਰੀਓ, ਅਲਬਰਟਾ, ਵਿਨੀਪੈਗ ਵਰਗੇ ਸੂਬਿਆਂ ਵਿਚ ਵੀ ਪੰਜਾਬੀ ਮੂਲ ਦੇ ਲੋਕ ਵਿਧਾਇਕ ਅਤੇ ਮੰਤਰੀ ਬਣਦੇ ਆ ਰਹੇ ਹਨ।
ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਇਸ ਵੇਲੇ 18 ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਹਨ, ਜਿਨ੍ਹਾਂ ਵਿਚੋਂ 6 ਮੈਂਬਰ ਫੈਡਰਲ ਵਜ਼ਾਰਤ ‘ਚ ਮੰਤਰੀ ਵਜੋਂ ਸ਼ਾਮਲ ਹਨ ਅਤੇ ਹਰਜੀਤ ਸਿੰਘ ਸੱਜਣ ਤੇ ਨਵਦੀਪ ਸਿੰਘ ਬੈਂਸ ਵਰਗੇ ਆਗੂਆਂ ਕੋਲ ਡਿਫੈਂਸ ਅਤੇ ਸਨੱਅਤਾਂ ਜਿਹੇ ਵੱਡੇ ਵਿਭਾਗ ਹਨ। ਕੈਨੇਡਾ ਵਿਚ ਦੇਖੀਏ, ਤਾਂ ਪੰਜਾਬੀਆਂ ਦੀ ਵਸੋਂ ਕਿਸੇ ਵੀ ਥਾਂ ਬਹੁਤੀ ਜ਼ਿਆਦਾ ਨਹੀਂ। ਪਰ ਇਹ ਅਹਿਮ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ, ਡੈਲਟਾ, ਓਨਟਾਰੀਓ ਦੇ ਬਰੈਂਪਟਨ, ਅਲਬਰਟਾ ਦੇ ਕੈਲਗਰੀ ਵਰਗੇ ਬਹੁਤ ਸਾਰੇ ਸ਼ਹਿਰ ਅਜਿਹੇ ਹਨ, ਜਿੱਥੇ ਪੰਜਾਬੀ ਇਕ ਥਾਂ ਉਪਰ ਵਧੇਰੇ ਕੇਂਦਰਿਤ ਹਨ। ਇਸ ਤਰ੍ਹਾਂ ਬਹੁਤ ਸਾਰੇ ਇਲਾਕਿਆਂ ਵਿਚ ਪੰਜਾਬੀਆਂ ਦੀ ਗਿਣਤੀ ਭਾਵੇਂ ਬਹੁਗਿਣਤੀ ਤਾਂ ਨਹੀਂ, ਪਰ ਫਿਰ ਵੀ ਕਾਫੀ ਹੈ, ਜੋ ਇੱਥੋਂ ਦੇ ਹਰ ਕੰਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ਵਿਚ ਪਿਛਲੇ ਕਰੀਬ ਸਵਾ ਸੌ ਸਾਲ ਵਿਚ ਜਿੱਥੇ ਆਰਥਿਕ ਤੌਰ ‘ਤੇ ਆਪਣੇ ਪੈਰ ਜਮਾਉਣ ਲਈ ਯਤਨ ਕੀਤੇ, ਉਥੇ ਨਾਲ ਦੀ ਨਾਲ ਆਪਣੇ ਮਨੁੱਖੀ ਅਧਿਕਾਰਾਂ ਨੂੰ ਹਾਸਲ ਕਰਨ ਅਤੇ ਸਮਾਜ ਵਿਚ ਇਕ ਕਲਿਆਣਕਾਰੀ ਭਾਈਚਾਰੇ ਵਜੋਂ ਥਾਂ ਸਥਾਪਿਤ ਕਰਨ ਵੱਲ ਯਤਨ ਆਰੰਭ ਕੀਤੇ। ਇਨ੍ਹਾਂ ਯਤਨਾਂ ਸਦਕਾ ਹੀ ਕੈਨੇਡਾ ਵਿਚ ਅੱਜ ਤੋਂ 100 ਸਾਲ ਪਹਿਲਾਂ ਕਈ ਥਾਂ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਅਤੇ ਇਹ ਗੁਰੂ ਘਰ ਸਮੁੱਚੇ ਪੰਜਾਬੀਆਂ ਲਈ ਸਰਗਰਮੀ ਦਾ ਕੇਂਦਰ ਬਣੇ। ਹੌਲੀ-ਹੌਲੀ ਜਿਉਂ-ਜਿਉਂ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਵਿਚ ਵਾਧਾ ਹੋਇਆ, ਤਾਂ ਉਨ੍ਹਾਂ ਨੇ ਹਰ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਆਪਣੀ ਤਾਕਤ ਅਤੇ ਪ੍ਰਤਿਭਾ ਦਿਖਾਉਣੀ ਸ਼ੁਰੂ ਕੀਤੀ। 1913 ‘ਚ ਸਮੁੰਦਰੀ ਜਹਾਜ਼ ਰਾਹੀਂ ਵੈਨਕੂਵਰ ਦੀ ਧਰਤੀ ਉਪਰ ਪੁੱਜੇ ਪੰਜਾਬੀਆਂ ਦੇ ਬੇੜੇ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਣ ਖਿਲਾਫ ਕਈ ਮਹੀਨੇ ਚੱਲਿਆ ਸੰਘਰਸ਼ ਇਕ ਲਾਮਿਸਾਲ ਉਦਾਹਰਨ ਸੀ। ਇਸੇ ਤਰ੍ਹਾਂ ਨਸਲੀ ਵਿਤਕਰੇ ਅਤੇ ਜਮਹੂਰੀ ਹੱਕਾਂ ਲਈ ਬੜੇ ਲੰਬੇ ਸੰਘਰਸ਼ ਪੰਜਾਬੀਆਂ ਨੇ ਲੜੇ ਅਤੇ ਇਨ੍ਹਾਂ ਸੰਘਰਸ਼ਾਂ ਵਿਚ ਦੂਸਰੇ ਭਾਈਚਾਰਿਆਂ ਦੇ ਲੋਕਾਂ ਦਾ ਸਾਥ ਵੀ ਲਿਆ। ਇਥੋਂ ਤੱਕ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਕੈਨੇਡਾ ਆ ਵਸੇ ਪੰਜਾਬੀ ਉਸੇ ਸ਼ਿੱਦਤ ਨਾਲ ਹਿੱਸਾ ਲੈਂਦੇ ਰਹੇ, ਜਿਸ ਤਰ੍ਹਾਂ ਕੈਲੀਫੋਰਨੀਆ ਵਿਚ ਵਸੇ ਪੰਜਾਬੀ ਲੈ ਰਹੇ ਸਨ। ਪਰ ਕੈਨੇਡਾ ਆ ਵਸੇ ਪੰਜਾਬੀਆਂ ਨੇ ਹਮੇਸ਼ਾ ਆਪਣੀ ਆਰਥਿਕ ਮਜ਼ਬੂਤੀ ਦੇ ਨਾਲ-ਨਾਲ ਸਿਆਸੀ ਕੰਮਾਂ ਵਿਚ ਵੀ ਵਧੇਰੇ ਰੁਚੀ ਦਿਖਾਈ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਪਿਛਲੇ ਪੰਜ ਦਹਾਕਿਆਂ ਤੋਂ ਕੈਨੇਡਾ ਦੇ ਵੱਡੇ ਹਿੱਸਿਆਂ ਵਿਚ ਪੰਜਾਬੀਆਂ ਦੀ ਹੇਠਲੇ ਪੱਧਰ ਦੇ ਅਦਾਰਿਆਂ ਤੋਂ ਲੈ ਕੇ ਉਪਰਲੇ ਪੱਧਰ ਤੱਕ ਨੁਮਾਇੰਦਗੀ ਕਿਸੇ ਨਾ ਕਿਸੇ ਰੂਪ ਵਿਚ ਬਣਦੀ ਰਹੀ ਹੈ। ਪਿਛਲੇ ਕਰੀਬ ਤਿੰਨ-ਚਾਰ ਦਹਾਕਿਆਂ ਤੋਂ ਕੈਨੇਡਾ ਦੀ ਸਿਆਸਤ ਵਿਚ ਪੰਜਾਬੀਆਂ ਦਾ ਰੌਬ-ਦਾਬ ਇੰਨਾ ਬਣ ਗਿਆ ਹੈ ਕਿ ਫੈਡਰਲ ਜਾਂ ਸੂਬਾਈ ਸਰਕਾਰਾਂ ਕਿਸੇ ਦੀਆਂ ਵੀ ਬਣਨ, ਉਨ੍ਹਾਂ ਵਿਚ ਪੰਜਾਬੀਆਂ ਦੀ ਮੈਂਬਰਾਂ ਅਤੇ ਮੰਤਰੀਆਂ ਵਜੋਂ ਨੁਮਾਇੰਦਗੀ ਕਾਇਮ ਰਹਿੰਦੀ ਆ ਰਹੀ ਹੈ।
ਅਮਰੀਕਾ ਵਸੇ ਪੰਜਾਬੀਆਂ ਨੇ ਵੀ ਭਾਵੇਂ ਆਰਥਿਕ ਖੇਤਰ ਵਿਚ ਬੜੀਆਂ ਤਰੱਕੀਆਂ ਕੀਤੀਆਂ ਹਨ, ਤੇ ਹੋਰਨਾਂ ਖੇਤਰਾਂ ਵਿਚ ਵੀ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਪਰ ਰਾਜਸੀ ਖੇਤਰ ਵਿਚ ਓਨਾ ਮੁਕਾਮ ਹਾਸਲ ਨਹੀਂ ਕਰ ਸਕੇ। ਹੁਣ ਹੇਠਲੇ ਪੱਧਰ ਦੇ ਅਦਾਰਿਆਂ ਵਿਚ ਕੈਲੀਫੋਰਨੀਆ ਵਿਚ ਪੰਜਾਬੀਆਂ ਦੀ ਨੁਮਾਇੰਦਗੀ ਲਗਾਤਾਰ ਵਧ ਰਹੀ ਹੈ। ਰਾਜਸੀ ਖੇਤਰ ਵਿਚ ਚੰਗਾ ਮੁਕਾਮ ਹਾਸਲ ਕਰਨ ਲਈ ਸਮਾਜ ਦੇ ਹੋਰਨਾਂ ਵਰਗਾਂ ਨਾਲ ਮੇਲਜੋਲ ਤੇ ਸਹਿਯੋਗ ਵਧਾਉਣ ਵੱਲ ਲਗਾਤਾਰ ਯਤਨਸ਼ੀਲ ਰਹਿਣਾ ਪਵੇਗਾ।


Share