ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ੀਅਨਾਂ ਵਿਰੁੱਧ ਹਿੰਸਾ ਨਾਲ ਨਜਿੱਠਣ ਲਈ ਕਾਨੂੰਨ ਉਪਰ ਕੀਤੇ ਦਸਤਖਤ

101
Share

ਸੈਕਰਾਮੈਂਟੋ 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਨਫਰਤੀ ਹਿੰਸਾ ਨਾਲ ਨਜਿੱਠਣ ਲਈ ਕਾਂਗਰਸ ਵੱਲੋਂ ਪਾਸ ਕੀਤੇ ਕਾਨੂੰਨ ਉਪਰ ਦਸਤਖਤ ਕਰ ਦਿੱਤੇ। ਇਸ ਮੌਕੇ ਰਾਸ਼ਟਰਪਤੀ ਨੇ ਨਫਰਤੀ ਹਿੰਸਾ ਨੂੰ ਖਤਰਨਾਕ ਜ਼ਹਿਰ ਕਰਾਰ ਦਿੱਤਾ। ਵਾਈਟ ਹਾਊਸ ਵਿਚ ਹੋਏ ਸਮਾਗਮ ਵਿਚ ਬਾਇਡਨ ਨੇ ਸੰਘੀ ਨਫਰਤੀ ਅਰਾਧ ਕਾਨੂੰਨ ਉਪਰ ਸਹੀ ਪਾਈ। ਅਮਰੀਕਾ ਵਿਚ ਬਣਾਇਆ ਗਿਆ ਇਹ ਪਹਿਲਾ ਨਫਰਤੀ ਅਪਰਾਧ ਕਾਨੂੰਨ ਹੈ। ਇਸ ਮੌਕੇ ਉਨਾਂ ਨੇ ਏਸ਼ੀਅਨ ਮੂਲ ਦੇ ਅਮਰੀਕਨਾਂ ਉਪਰ ਹਮਲਿਆਂ ਨੂੰ ਅੱਤ ਘਿਣਾਉਣਾ ਜੁਰਮ ਕਰਾਰ ਦਿੱਤਾ ਜੋ ਹਮਲੇ ਪਿਛਲੇ ਸਮੇ ਦੌਰਾਨ ਘਟਣ ਦੀ ਬਜਾਏ ਵਧੇ ਹਨ। ਉਨਾਂ ਕਿਹਾ ਕਿ ਮੇਰਾ ਵਿਸ਼ਵਾਸ਼ ਹੈ ਕਿ ਬਹੁਤ ਹੀ ਸਧਾਰਣ ਕਦਰਾਂ ਕੀਮਤਾਂ ਤੇ ਵਿਸ਼ਵਾਸ਼ ਸਾਨੂੰ ਇਕ ਦੂਸਰੇ ਦੇ ਨੇੜੇ ਲਿਆਉਂਦੇ ਹਨ। ਉਨਾਂ ਵਿਚੋਂ ਇਕ ਹੈ ਨਫਰਤ ਵਿਰੁੱਧ ਖੜੇ ਹੋਣਾ। ਨਫਰਤ ਵਿਰੁੱਧ ਖੜੇ ਹੋ ਕੇ ਅਸੀਂ ਉਹ ਕਦਰਾਂ ਕੀਮਤਾਂ ਸੰਭਾਲ ਸਕਦੇ ਹਾਂ ਜੋ ਮਨੁੱਖੀ ਸਮਾਜ ਦੀ ਹੋਂਦ ਲਈ ਬਹੁਤ ਅਹਿਮ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅਕਸਰ ਅਸੀਂ ਨਫਰਤੀ ਘਟਨਾਵਾਂ ਵਿਰੁੱਧ ਮੂਕ ਬਣੇ ਰਹੇ ਹਾਂ। ਅਜਿਹਾ ਕਰਕੇ ਅਸੀਂ ਨਫਰਤ ਨੂੰ ਵਧਣ ਫੁਲਣ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਟਵੀਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਹਿੰਸਾ ਲਈ ਅਮਰੀਕਾ ਵਿਚ ਕੋਈ ਜਗਾ ਨਹੀਂ ਹੈ ਉਹ ਨਫਰਤੀ ਅਪਰਾਧ ਕਾਨੂੰਨ ਉਪਰ ਦਸਤਖਤ ਕਰਨ ਜਾ ਰਹੇ ਹਨ। ‘ਕੋਵਿਡ-19 ਹੇਟ ਕਰਾਈਮ ਐਕਟ’ ਕਾਂਗਰਸ ਦੇ ਦੋਨਾਂ ਸਦਨਾਂ ਨੇ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਰਿਪਬਲੀਕਨ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਪ੍ਰਤੀਨਿੱਧ ਸਦਨ ਵਿਚ ਇਸ ਕਾਨੂੰਨ ਦੇ ਹੱਕ ਵਿਚ 364 ਤੇ ਵਿਰੋਧ ਵਿਚ 62 ਵੋਟਾਂ ਪਈਆਂ ਸਨ ਜਦ ਕਿ ਸੈਨਟ ਵਿਚ ਕੇਵਲ ਇਕ ਵੋਟ ਵਿਰੁੱਧ ਪਈ ਸੀ ਤੇ 94 ਵੋਟਾਂ ਕਾਨੂੰਨ ਦੇ ਹੱਕ ਵਿਚ ਭੁਗਤੀਆਂ ਸਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾ ਫੈਲਣ ਲਈ ਚੀਨ ਨੂੰ ਦੋਸ਼ੀ ਠਹਿਰਾਉਣ ਉਪਰੰਤ ਏਸ਼ੀਅਨਾਂ ਉਪਰ ਹਮਲਿਆਂ ਵਿੱਚ ਤੇਜੀ ਨਾਲ ਵਾਧਾ ਹੋਇਆ। ਪਿਛਲੇ ਇਕ ਸਾਲ ਦੌਰਾਨ ਅਮਰੀਕਾ ਵਿਚ ਏਸ਼ੀਅਨਾਂ ਵਿਰੁੱਧ 6600 ਤੋਂ ਵਧ ਨਫਰਤੀ ਘਟਨਾਵਾਂ ਹੋਈਆਂ ਹਨ।


Share