ਰਾਸ਼ਟਰਪਤੀ ਚੋਣ ਵਿਚ ਅਮਰੀਕਾ ਨੂੰ ਗੰਭੀਰ ਚੁਣੌਤੀਆਂ

501
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਦੇ ਰਾਸ਼ਟਰਪਤੀ ਦੀ ਹੁਣ ਤੱਕ ਹੁੰਦੀ ਆ ਰਹੀ ਚੋਣ ਵਿਚ ਹਮੇਸ਼ਾ ਅਮਰੀਕਾ ਵੱਲੋਂ ਦੇਸ਼ ਅੰਦਰ ਅਪਣਾਈਆਂ ਨੀਤੀਆਂ ਅਤੇ ਦੁਨੀਆਂ ਭਰ ਵਿਚ ਸਰਦਾਰੀ ਕਾਇਮ ਰੱਖਣ ਦੀ ਨੀਤੀ ਉਪਰ ਅਹਿਮ ਵਿਚਾਰਾਂ ਹੁੰਦੀਆਂ ਰਹੀਆਂ। ਬਰਾਕ ਓਬਾਮਾ ਨੇ ਜਦ ਪਹਿਲੀ ਵਾਰ ਚੋਣ ਲੜੀ ਸੀ, ਤਾਂ ਅਮਰੀਕੀ ਚੋਣਾਂ ਵਿਚ ਮੁੱਖ ਮੁੱਦਾ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲੈ ਕੇ ਆਉਣ ਦਾ ਸੀ। ਹਾਲਾਂਕਿ ਉਸ ਸਮੇਂ ਕੁੱਝ ਵਿਰੋਧੀਆਂ ਨੇ ਬਰਾਕ ਓਬਾਮਾ ਦੇ ਰੰਗ ਅਤੇ ਨਸਲ ਨੂੰ ਲੈ ਕੇ ਸਵਾਲ ਵੀ ਖੜ੍ਹੇ ਕੀਤੇ ਸਨ। ਪਰ ਅਮਰੀਕੀ ਲੋਕਾਂ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਸਿਰਫ ਦੇਸ਼ ਦੀ ਆਰਥਿਕ ਖੁਸ਼ਹਾਲੀ ਨੂੰ ਮੁੜ ਲੀਹਾਂ ਉਪਰ ਲਿਆਉਣ ਲਈ ਬਰਾਕ ਓਬਾਮਾ ਦੀ ਚੋਣ ਕੀਤੀ। ਬਰਾਕ ਓਬਾਮਾ ਨੂੰ ਦੂਜੀ ਵਾਰ ਰਾਸ਼ਟਰਪਤੀ ਬਣਨ ਦਾ ਮੌਕਾ ਵੀ ਇਸੇ ਕਾਰਨ ਮਿਲਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਅਮਰੀਕੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਹੀ ਨਹੀਂ ਉਭਾਰਿਆ, ਸਗੋਂ ਦੇਸ਼ ਅੰਦਰ ਅਨੇਕ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਚਲਾ ਕੇ ਲੋਕਾਂ ਦੀ ਵਾਹ-ਵਾਹ ਵੀ ਖੱਟੀ ਸੀ। ਓਬਾਮਾ ਹੈਲਥ ਕੇਅਰ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਸੇ ਤਰ੍ਹਾਂ ਇਰਾਕ ਵਿਰੁੱਧ ਹਮਲੇ ਨੂੰ ਵੀ ਅਮਰੀਕੀ ਚੋਣਾਂ ਵਿਚ ਬੜੇ ਵੱਡੇ ਮੁੱਦੇ ਵਜੋਂ ਲਿਆ ਗਿਆ ਸੀ। ਪਰ ਹੁਣ ਨਵੰਬਰ ਮਹੀਨੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਸਮੇਂ ਅਮਰੀਕੀਆਂ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ। ਇਸ ਵਾਰ ਚੁਣੌਤੀ ਇਕ ਨਹੀਂ, ਸਗੋਂ ਬਹੁਤੀਆਂ ਹਨ। ਸ਼ਾਇਦ ਬੜੇ ਚਿਰਾਂ ਬਾਅਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਮੇਂ ਅਮਰੀਕੀ ਨਾਗਰਿਕ ਰੰਗ ਅਤੇ ਨਸਲ ਭੇਦ ਦੇ ਮਾਮਲੇ ਨੂੰ ਲੈ ਕੇ ਬੁਰੀ ਤਰ੍ਹਾਂ ਵੰਡੇ ਹੋਏ ਹਨ ਅਤੇ ਇਸ ਮਸਲੇ ਨੂੰ ਲੈ ਕੇ ਪੂਰੇ ਦੇਸ਼ ਅੰਦਰ ਵੱਡੀ ਹਲਚਲ ਮਚੀ ਹੋਈ ਹੈ। ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਮਿਨੀਸੋਟਾ ਦੇ ਮਿਨੀਐਪਲਿਸ ‘ਚ ਇਕ ਪੁਲਿਸ ਅਧਿਕਾਰੀ ਵੱਲੋਂ ਕੀਤੀ ਹੱਤਿਆ ਨਾਲ ਪੂਰਾ ਅਮਰੀਕਾ ਜਲ਼ ਉੱਠਿਆ ਸੀ। ਵਿਸਕਾਨਸਿਨ ਵਿਖੇ ਇਕ ਹੋਰ ਅਫਰੀਕੀ ਮੂਲ ਦੇ ਵਿਅਕਤੀ ਦੀ ਪਿੱਠ ਵਿਚ ਗੋਲੀਆਂ ਮਾਰਨ ਨਾਲ ਨਸਲਪ੍ਰਸਤੀ ਦੀ ਭਾਵਨਾ ਹੋਰ ਭੜਕ ਗਈ ਹੈ। ਦੇਖਿਆ ਜਾਵੇ, ਤਾਂ ਇਸ ਵਕਤ ਪੂਰਾ ਅਮਰੀਕਾ ਨਸਲਪ੍ਰਸਤੀ ਦੀ ਇਸ ਲਪੇਟ ਵਿਚ ਆਇਆ ਹੋਇਆ ਹੈ ਅਤੇ ਅਮਰੀਕੀ ਚੋਣਾਂ ਇਸ ਨਸਲਪ੍ਰਸਤੀ ਤੋਂ ਬੇਹੱਦ ਪ੍ਰਭਾਵਿਤ ਹੋਣਗੀਆਂ। ਉਂਝ ਵੀ ਇਸ ਵੇਲੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਕ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਅਮਰੀਕੀ ਆਰਥਿਕਤਾ ਇਸ ਵੇਲੇ ਵੱਡੇ ਸੰਕਟ ਵਿਚ ਗ੍ਰਸੀ ਹੋਈ ਹੈ। ਕਰੋਨਾ ਸੰਕਟ ਤੋਂ ਬਾਅਦ ਅਮਰੀਕਾ ਅੰਦਰ ਬੇਰੁਜ਼ਗਾਰ ਹੋਣ ਵਾਲਿਆਂ ਦੀ ਗਿਣਤੀ 4 ਕਰੋੜ ਤੋਂ ਲੰਘ ਗਈ ਹੈ। ਪੂਰਾ ਦੇਸ਼ ਇਸ ਵੇਲੇ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਵੱਡੀਆਂ-ਵੱਡੀਆਂ ਅਮਰੀਕੀ ਕੰਪਨੀਆਂ ਆਰਥਿਕ ਸੰਕਟ ਨਾਲ ਜੂਝ ਰਹੀਆਂ ਨਜ਼ਰ ਆ ਰਹੀਆਂ ਹਨ। ਟਰੰਪ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ ਆਈ ਆਰਥਿਕ ਮੰਦੀ ਨੂੰ ਦੂਰ ਕਰਨ ਲਈ ਚੀਨ ਖਿਲਾਫ ਮੁਹਿੰਮ ਲਾਮਬੰਦ ਕੀਤੀ ਹੋਈ ਹੈ। ਬਹੁਤ ਸਾਰੀਆਂ ਚੀਨੀ ਕੰਪਨੀਆਂ ਅਤੇ ਅਦਾਰਿਆਂ ਉਪਰ ਪਾਬੰਦੀ ਲਗਾਏ ਜਾਣ ਦੇ ਫੈਸਲੇ ਕੀਤੇ ਸਨ। ਇਕੱਲੇ ਅਮਰੀਕਾ ਦੇ ਅੰਦਰ ਹੀ ਨਹੀਂ, ਸਗੋਂ ਕਰੋਨਾ ਦੀ ਆਫਤ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਚੀਨ ਦੀ ਘੇਰਾਬੰਦੀ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਪੱਬਾਂ ਭਾਰ ਹੋ ਕੇ ਜ਼ੋਰ ਲਾਇਆ। ਇਸ ਮਾਮਲੇ ਵਿਚ ਜਾਪਾਨ, ਭਾਰਤ ਅਤੇ ਕੁੱਝ ਯੂਰਪੀਅਨ ਮੁਲਕਾਂ ਦਾ ਸਾਥ ਲੈਣ ਦਾ ਵੀ ਯਤਨ ਕੀਤਾ। ਕੋਰੋਨਾਵਾਇਰਸ ਲਈ ਪੂਰੀ ਤਰ੍ਹਾਂ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਨੇ ਡਬਲਯੂ.ਐੱਚ.ਓ. ਨੂੰ ਵੀ ਆਪਣੇ ਨਿਸ਼ਾਨ ‘ਤੇ ਲਿਆ। ਚੀਨ ਖਿਲਾਫ ਕੌਮਾਂਤਰੀ ਪੱਧਰ ‘ਤੇ ਮੁਹਿੰਮ ਵਿੱਢਣ ਲਈ ਟਰੰਪ ਇੰਨੇ ਕਾਹਲੇ ਪੈ ਗਏ ਕਿ ਉਨ੍ਹਾਂ ਨੇ ਚੀਨ ਦੇ ਨਾਲ ਡਬਲਯੂ.ਐੱਚ.ਓ. ਵਰਗੀ ਸੰਸਥਾ ਨੂੰ ਵੀ ਲਪੇਟੇ ਵਿਚ ਲੈ ਲਿਆ। ਟਰੰਪ ਦੀ ਇਸ ਮੁਹਿੰਮ ਦੇ ਨਤੀਜੇ ਬਾਰੇ ਅੰਤਿਮ ਤੌਰ ‘ਤੇ ਕੁੱਝ ਕਹਿਣਾ ਮੁਨਾਸਿਬ ਨਹੀਂ, ਪਰ ਮੁੱਢਲੇ ਰੂਪ ਵਿਚ ਇਹ ਕਹਿਣ ਵਿਚ ਕੋਈ ਗਲਤੀ ਨਹੀਂ ਕਿ ਚੀਨ ਖਿਲਾਫ ਘੇਰਾਬੰਦੀ ਕਰਦਿਆਂ ਅਮਰੀਕਾ ਨੇ ਡਬਲਯੂ.ਐੱਚ.ਓ. ਨੂੰ ਆਪਣੇ ਘੇਰੇ ਵਿਚੋਂ ਬਾਹਰ ਕਰ ਲਿਆ ਹੈ ਅਤੇ ਚੀਨ ਦੀ ਆਰਥਿਕ ਘੇਰਾਬੰਦੀ ਕਰਨ ਦਾ ਟਰੰਪ ਦਾ ਪੈਂਤੜਾ ਪੂਰੀ ਤਰ੍ਹਾਂ ਅਸਫਲ ਹੋ ਕੇ ਰਹਿ ਗਿਆ ਹੈ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਟਰੰਪ ਦਾ ਚੀਨੀ ਘੇਰਾਬੰਦੀ ਕਰਦਿਆਂ ਅਮਰੀਕੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਲਿਆ ਪੈਂਤੜਾ ਵੀ ਕਾਰਗਰ ਸਿੱਧ ਨਹੀਂ ਹੋਇਆ, ਸਗੋਂ ਉਲਟਾ ਚੀਨ ਨੇ ਆਪਣੀ ਆਰਥਿਕ ਵਿਸਥਾਰ ਦੀ ਨੀਤੀ ਨੂੰ ਜਾਰੀ ਰੱਖਦਿਆਂ ਵੀਅਤਨਾਮ ਵਰਗੇ ਨਵੇਂ ਦੇਸ਼ ਲੱਭ ਲਏ ਹਨ। ਇੰਨਾ ਹੀ ਨਹੀਂ, ਸਗੋਂ ਚੀਨੀ ਕੰਪਨੀਆਂ ਦਾ ਵੱਖ-ਵੱਖ ਤਰੀਕਿਆਂ ਅਤੇ ਦਾਅਪੇਚਾਂ ਰਾਹੀਂ ਅਮਰੀਕਾ ਅੰਦਰ ਵੀ ਦਬਦਬਾ ਅਜੇ ਜਾਰੀ ਹੈ। ਕਰੋਨਾ ਮਹਾਂਮਾਰੀ ਨੂੰ ਵੀ ਟਰੰਪ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ। ਟਰੰਪ ਦਾ ਕਰੋਨਾ ਮਹਾਂਮਾਰੀ ਦੇ ਖਿਲਾਫ ਵਤੀਰਾ ਤੇ ਐਕਸ਼ਨ ਹਮੇਸ਼ਾ ਲਾਪ੍ਰਵਾਹ ਵਾਲੇ ਰਹੇ ਹਨ। ਸ਼ੁਰੂ ਤੋਂ ਹੀ ਟਰੰਪ ਨੇ ਅਮਰੀਕਾ ਅੰਦਰ ਤਾਲਾਬੰਦੀ ਕਰਨ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਵਾਇਰਸ ਤੋਂ ਬਚਣ ਦੇ ਨੁਕਤਿਆਂ ਦਾ ਮਜ਼ਾਕ ਹੀ ਉਡਾਇਆ। ਟਰੰਪ ਨੇ ਕਈ ਮਹੀਨੇ ਜਨਤਕ ਥਾਵਾਂ ਉਪਰ ਮਾਸਕ ਨਾ ਪਹਿਨ ਕੇ ਇਕ ਕਿਸਮ ਦਾ ਵਾਇਰਸ ਤੋਂ ਬਚਾਅ ਦੇ ਨਿਯਮਾਂ ਦਾ ਉਲੰਘਣ ਹੀ ਨਹੀਂ ਕੀਤਾ, ਸਗੋਂ ਮਜ਼ਾਕ ਉਡਾਉਣ ਵਾਲਾ ਕਾਰਜ ਕੀਤਾ। ਨਤੀਜਾ ਇਹ ਹੈ ਕਿ ਅਮਰੀਕਾ ਅੱਜ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਸ ਬਿਮਾਰੀ ਤੋਂ ਪੀੜਤ ਸਭ ਤੋਂ ਵਧੇਰੇ ਲੋਕਾਂ ਵਾਲਾ ਦੇਸ਼ ਬਣਿਆ ਹੋਇਆ ਹੈ।
ਅਮਰੀਕੀ ਲੋਕਾਂ ਅੰਦਰ ਇਹ ਪ੍ਰਭਾਵ ਹੈ ਕਿ ਟਰੰਪ ਪ੍ਰਸ਼ਾਸਨ ਕੋਰੋਨਾਵਾਇਰਸ ਤੋਂ ਬਚਾਅ ਲਈ ਨਾ ਤਾਂ ਲੋਕਾਂ ਨੂੰ ਚੌਕਸ ਕਰ ਸਕਿਆ ਹੈ, ਅਤੇ ਨਾ ਹੀ ਪੀੜਤ ਲੋਕਾਂ ਦੇ ਬਚਾਅ ਲਈ ਕੋਈ ਵੱਡੇ ਕਦਮ ਉਠਾਉਣ ਵਿਚ ਸਫਲ ਹੀ ਹੋਇਆ ਹੈ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਰਾਸ਼ਟਰਪਤੀ ਚੋਣ ਤੋਂ ਕਰੀਬ ਦੋ-ਢਾਈ ਮਹੀਨੇ ਪਹਿਲਾਂ ਦੇਸ਼ ਦੇ ਅੰਦਰੂਨੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ। ਨਸਲਪ੍ਰਸਤੀ ਦਾ ਪਾੜਾ ਵਧਿਆ ਹੈ ਅਤੇ ਅਮਨ-ਕਾਨੂੰਨ ਦੀ ਹਾਲਤ ਵਿਗੜ ਗਈ ਹੈ। ਅਮਰੀਕਾ ਦੀ ਆਰਥਿਕ ਹਾਲਤ ਵੱਡੇ ਨਿਘਾਰ ਵੱਲ ਜਾ ਚੁੱਕੀ ਹੈ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਆਰਥਿਕ ਹਾਲਾਤ ਨੂੰ ਸੁਧਾਰੇ ਜਾਣ ਲਈ ਵੱਡੇ ਕਦਮ ਵੀ ਨਹੀਂ ਚੁੱਕੇ ਜਾ ਰਹੇ। ਟਰੰਪ ਪ੍ਰਸ਼ਾਸਨ ਵੱਲੋਂ ਚੀਨ ਖਿਲਾਫ ਫੋਬੀਆ ਖੜ੍ਹਾ ਕਰਕੇ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਯਤਨ ਵੀ ਸਫਲ ਨਹੀਂ ਹੋਇਆ। ਇਸ ਦਾ ਵੱਡਾ ਕਾਰਨ ਇਹ ਹੈ ਕਿ ਸਭ ਯਤਨਾਂ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਵੱਡੀ ਗਿਣਤੀ ਚੀਨੀ ਕੰਪਨੀਆਂ ਨੂੰ ਦੇਸ਼ ਵਿਚ ਕਾਰੋਬਾਰ ਕਰਨ ਤੋਂ ਬਾਹਰ ਨਹੀਂ ਕਰ ਸਕਿਆ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਅਮਰੀਕਾ ਦੀ ਸਨਅਤ ਅਤੇ ਕਾਰੋਬਾਰੀ ਲਾਬੀ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਤੋਂ ਦੂਰ ਚਲੀ ਗਈ ਨਜ਼ਰ ਆ ਰਹੀ ਹੈ। ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਅਮਰੀਕੀ ਲੋਕਾਂ ਨੂੰ ਕਰੋਨਾ ਦੀ ਆਫਤ ਤੋਂ ਕੋਈ ਵੱਡੀ ਰਾਹਤ ਨਹੀਂ ਮਿਲੀ ਹੈ। ਇਸ ਦਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਆਮ ਲੋਕ ਜਿੱਥੇ ਬਦਜਨ ਹੋ ਰਹੇ ਹਨ, ਉੱਥੇ ਆਰਥਿਕਤਾ ਨੂੰ ਵੀ ਲਗਾਤਾਰ ਢਾਅ ਲੱਗ ਰਹੀ ਹੈ। ਇਨ੍ਹਾਂ ਸਾਰੇ ਕਾਰਨਾਂ ਨੂੰ ਧਿਆਨ ਵਿਚ ਰੱਖਦਿਆਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਟਰੰਪ ਲਈ ਇਹ ਹਾਲਤ ਬੇਹੱਦ ਨਾਸਾਜਗਾਰ ਹੈ।
ਅਫਰੀਕੀ ਮੂਲ ਦੇ ਘੱਟ ਗਿਣਤੀ ਨਾਗਰਿਕਾਂ ਸਮੇਤ, ਏਸ਼ੀਅਨ, ਲਾਤੀਨੀ ਅਮਰੀਕਨਾਂ ਅਤੇ ਮੈਕਸੀਕਨਾਂ ਤੋਂ ਇਲਾਵਾ ਅਮਰੀਕਾ ‘ਚ ਵੱਸਦੇ ਵੱਡੀ ਗਿਣਤੀ ‘ਚ ਇੰਮੀਗ੍ਰਾਂਟਸ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਤੋਂ ਖੁਸ਼ ਨਹੀਂ। ਉਨ੍ਹਾਂ ਵੱਲੋਂ ਸਮੂਹਿਕ ਰੂਪ ਵਿਚ ਇਕ ਪਾਸੜ ਤੌਰ ‘ਤੇ ਵਿਰੋਧ ਦੀਆਂ ਸੰਭਾਵਨਾ ਬਣ ਰਹੀਆਂ ਹਨ। ਉਂਝ ਵੀ ਟਰੰਪ ਵੱਲੋਂ ਹਰ ਮਾਮਲੇ ਵਿਚ ਦਿੱਤੇ ਜਾਂਦੇ ਤੱਥ-ਭੜੱਥੇ ਬਿਆਨਾਂ ਅਤੇ ਚੁੱਕੇ ਜਾ ਰਹੇ ਕਦਮਾਂ ਨੂੰ ਅਮਰੀਕਾ ਦੇ ਲੋਕ ਘੱਟ ਹੀ ਪਸੰਦ ਕਰਦੇ ਹਨ। ਸਭ ਤੋਂ ਵੱਡੀ ਚਿੰਤਾ ਗੋਰੀ ਵਸੋਂ ਵਾਲੇ ਅਮਰੀਕੀ ਨਾਗਰਿਕਾਂ ਨੂੰ ਵੀ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੇ ਅਮਰੀਕੀ ਆਰਥਿਕਤਾ ਨੂੰ ਵੱਡੀ ਢਾਅ ਲਗਾਈ ਹੈ। ਮੁੱਢਲੇ ਦਿਨਾਂ ਵਿਚ ਟਰੰਪ ਪ੍ਰਸ਼ਾਸਨ ਨੇ ਕਈ ਕਦਮ ਚੁੱਕ ਕੇ ਅਜਿਹਾ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਉਸ ਵੱਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਨਾਲ ਅਮਰੀਕੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਪਰ ਇਹ ਗੱਲ ਸਿਰਫ ਭੁਲੇਖਾ ਹੀ ਸਾਬਤ ਹੋਈ ਤੇ ਟਰੰਪ ਦੇ ਲਏ ਫੈਸਲਿਆਂ ਅਤੇ ਅਪਣਾਈਆਂ ਨੀਤੀਆਂ ਨੇ ਸਗੋਂ ਉਲਟਾ ਰੁਖ਼ ਸਿਰਜ ਦਿੱਤਾ ਹੈ। ਓਬਾਮਾ ਹੈਲਥ ਕੇਅਰ ਵਰਗੀਆਂ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰਨ ਅਤੇ ਇੰਮੀਗ੍ਰਾਂਟਸ ਖਿਲਾਫ ਸਖ਼ਤ ਪੇਸ਼ਕਦਮੀਆਂ ਨੇ ਦੇਸ਼ ਅੰਦਰਲੇ ਮਾਹੌਲ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ।
ਅਜਿਹੇ ਹਾਲਾਤ ਵਿਚ ਟਰੰਪ ਵੱਲੋਂ ਅਮਰੀਕੀ ਲੋਕਾਂ, ਖਾਸਕਰਕੇ ਘੱਟ ਗਿਣਤੀ ਵਰਗਾਂ ਅਤੇ ਨਸਲਾਂ ਦੇ ਲੋਕਾਂ ਦਾ ਭਰੋਸਾ ਜਿੱਤਣਾ ਬੇਹੱਦ ਮੁਸ਼ਕਿਲ ਹੋ ਗਿਆ ਜਾਪਦਾ ਹੈ ਤੇ ਇਹ ਗੱਲ ਹੀ ਟਰੰਪ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਸਮਝੀ ਜਾ ਰਹੀ ਹੈ।


Share