ਰਾਮ ਮੰਦਰ ਜ਼ਮੀਨ ਖਰੀਦ ਮਾਮਲਾ: ਕਾਂਗਰਸ ਵੱਲੋਂ ਸੁਪਰੀਮ ਕੋਰਟ ਤੋਂ ਦੋਸ਼ਾਂ ਦੀ ਜਾਂਚ ਦੀ ਨਿਗਰਾਨੀ ਦੀ ਮੰਗ

349
Share

-ਮੰਦਿਰ ਟਰੱਸਟ ਨੇ ਦੋਸ਼ ਨਕਾਰੇ
ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਕਾਂਗਰਸ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਰਾਮ ਜਨਮ ਭੂਮੀ ਤੀਰਥ ਟਰੱਸਟ ਵੱਲੋਂ ਅਯੁੱਧਿਆ ਵਿਖੇ ਰਾਮ ਮੰਦਰ ਲਈ ਜ਼ਮੀਨ ਖਰੀਦਣ ਦੇ ਦੋਸ਼ਾਂ ਦੀ ਜਾਂਚ ਦੀ ਨਿਗਰਾਨੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਢੁੱਕਵਾਂ ਇਹ ਹੋਵੇਗਾ ਕਿ ਮੰਦਰ ਨਿਰਮਾਣ ਦੇ ਕੰਮ ਨਾਲ ਜੁੜੇ ਸੌਦੇ ਸਾਫ਼ ਅਤੇ ਨਿਰਪੱਖ ਹੋਣ।
ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਦੱਸਿਆ, ‘‘ਪਹਿਲੀ ਨਜ਼ਰ ਵਿਚ ਮੰਦਰ ਦੀ ਜ਼ਮੀਨ ਖਰੀਦ ਘੁਟਾਲੇ ਲਈ ਭਾਜਪਾ ਅਤੇ ਆਰ.ਐੱਸ.ਐੱਸ. ਦੇ ਲੋਕ ਜ਼ਿੰਮੇਵਾਰ ਹਨ। ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਇਹ ਰਾਜਨੀਤੀ ਦੇ ਘੇਰੇ ਤੋਂ ਦੂਰ ਹੈ। ਇਹ ਆਮ ਮਾਮਲਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਮੁੱਦੇ ਦਾ ਖੁਦ ਨੋਟਿਸ ਲਏਗੀ ਅਤੇ ਮਾਮਲੇ ਦੀ ਪੜਤਾਲ ਕਰੇਗੀ।’’ ਉਨ੍ਹਾਂ ਕਿਹਾ ਕਿ ਲਗਾਏ ਗਏ ਦੋਸ਼ ਗੰਭੀਰ ਹਨ। ਮੰਦਰ ਦੇ ਪ੍ਰਬੰਧਕਾਂ ’ਤੇ ਦੋ ਕਰੋੜ ਦੀ ਜ਼ਮੀਨ 18.4 ਕਰੋੜ ਰੁਪਏ ਵਿਚ ਖਰੀਦਣ ਦਾ ਦੋਸ਼ ਹੈ। ਇਹ ਪੁੱਛੇ ਜਾਣ ਕਿ ਕੀ ਕਾਂਗਰਸ ਚਾਹੁੰਦੀ ਹੈ ਕਿ ਮੰਦਰ ਦੇ ਨਿਰਮਾਣ ਨੂੰ ਮਸਲੇ ਦੇ ਹੱਲ ਹੋਣ ਤੱਕ ਰੋਕ ਦਿੱਤਾ ਜਾਵੇ। ਸੁਰਜੇਵਾਲਾ ਨੇ ਕਿਹਾ, ‘‘ਮੰਦਰ ਦੇ ਨਿਰਮਾਣ ਨੂੰ ਰੋਕਣ ਦਾ ਕੋਈ ਸਵਾਲ ਨਹੀਂ, ਪਰ ਲੋਕ ਹਿਤ ਵਿਚ ਜ਼ਰੂਰੀ ਹੈ ਕਿ ਸੌਦੇ ’ਚ ਕਿਸੇ ਵੀ ਤਰ੍ਹਾਂ ਦੀ ਅਣਉਚਿਤ ਕਾਰਵਾਈ ਦੀ ਪੜਤਾਲ ਹੋਣੀ ਚਾਹੀਦੀ ਹੈ। ਇਹ ਮਾਮਲਾ ਆਸਥਾ ਨਾਲ ਜੁੜਿਆ ਹੈ। ’’
ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਉੱਤੇ ਸਾਲਾਂ ਤੋਂ ਦੋਸ਼ ਲਗਾਏ ਜਾ ਰਹੇ ਹਨ। ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਟਰੱਸਟ ਨੇ ਅੱਜ ਮੁੜ ਦੋਸ਼ਾਂ ਦਾ ਖੰਡਨ ਕਰਦਿਆਂ ਬਿਆਨ ਜਾਰੀ ਕੀਤਾ ਜਿਸ ਵਿਚ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਗਿਆ।

Share