ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਵੱਲੋਂ ਗੁਰਦਾਸਪੁਰ ਤੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ

407
Share

ਬਟਾਲਾ, 1 ਸਤੰਬਰ (ਪੰਜਾਬ ਮੇਲ)- ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਅਤੇ ਪੰਜਾਬ ਦੀ ਸਿਆਸਤ ’ਚ ਸਰਗਰਮ ਭੂਮਿਕਾ ਨਿਭਾਉਣਗੇ। ਸ਼੍ਰੀ ਬਾਜਵਾ ਨੇ ਕਿਹਾ ਕਿ ਪਾਰਟੀ ਇੱਕਜੁਟ ਹੈ ਅਤੇ 2022 ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਮੁੜ ਸਰਕਾਰ ਬਣਾਵੇਗੀ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਸਬੰਧੀ ਵਿਧਾਨ ਸਭਾ ਹਲਕੇ ਬਾਰੇ ਫ਼ੈਸਲਾ ਹਾਈਕਮਾਨ ਕਰੇਗੀ।
ਪ੍ਰਤਾਪ ਸਿੰਘ ਬਾਜਵਾ ਇੱਥੇ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਗੁਰਿੰਦਰ ਸਿੰਘ ਚੀਕੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਪਵਨ ਪੰਮਾ ਦੇ ਤਾਜਪੋਸ਼ੀ ਸਮਾਗਮ ’ਚ ਸ਼ਾਮਲ ਹੋਣ ਆਏ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਕਰੀਬੀ ਚੇਅਰਮੈਨ ਰਜਿੰਦਰ ਸਿੰਘ ਸਰੂਪਵਾਲੀ ਨੂੰ ਹਟਾ ਕੇ ਜਿੱਥੇ ਗੁਰਿੰਦਰ ਸਿੰਘ ਚੀਕੂ ਨੂੰ ਚੇਅਰਮੈਨ ਬਣਾਇਆ ਗਿਆ, ਉੱਥੇ ਹੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਪਵਨ ਪੰਮਾ ਨੂੰ ਬਣਾਇਆ ਗਿਆ ਹੈ। ਇਸ ਮੌਕੇ ਸ਼੍ਰੀ ਬਾਜਵਾ ਨੇ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਨਾਲ ਹਨ।

Share