ਰਾਜ ਸਭਾ: ਆਮ ਆਦਮੀ ਪਾਰਟੀ ਵੱਲੋਂ 5 ਚਿਹਰਿਆਂ ਦਾ ਐਲਾਨ

132
Share

ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਪੰਜ ਚਿਹਰਿਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ, ਪੰਜਾਬ ਚੋਣਾਂ ਵਿੱਚ ‘ਆਪ’ ਲਈ ਰਾਜਸੀ ਰਣਨੀਤੀ ਤਿਆਰ ਕਰਨ ਵਾਲੇ ਪ੍ਰੋ.ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਲਵਲੀ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿੱਤਲ ਅਤੇ ਉਦਯੋਗਪਤੀ ਸੰਜੀਵ ਅਰੋੜਾ ਦੇ ਨਾਮ ਸ਼ਾਮਲ ਹਨ। ਪੰਜਾਬ ਤੋਂ ਰਾਜ ਸਭਾ ਦੀਆਂ ਪੰਜ ਸੀਟਾਂ ਲਈ ‘ਆਪ’ ਦੇ ਦੋ ਚਿਹਰੇ ਦਿੱਲੀ ਅਤੇ ਤਿੰਨ ਚਿਹਰੇ ਪੰਜਾਬ ਨਾਲ ਸਬੰਧਤ ਹਨ।

ਸੰਸਦ ਦੇ ਉਪਰਲੇ ਸਦਨ ਵਿੱਚ ਖਾਲੀ ਹੋਈਆਂ ਇਨ੍ਹਾਂ ਪੰਜ ਸੀਟਾਂ ਲਈ ਚੋਣਾਂ 31 ਮਾਰਚ ਨੂੰ ਹੋਣੀਆਂ ਹਨ। ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ਤੋਂ ਮੌਜੂਦਾ ਵਿਧਾਇਕ ਹਨ। ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖਰੀ ਦਿਨ ਹੋਣ ਕਰਕੇ ਸੰਦੀਪ ਪਾਠਕ, ਰਾਘਵ ਚੱਢਾ ਤੇ ਹਰਭਜਨ ਸਿੰਘ ਪਹਿਲਾਂ ਹੀ ਚੰਡੀਗੜ੍ਹ ਪੁੱਜ ਗਏ ਹਨ। ਭਲਕੇ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਜਦੋਂਕਿ 24 ਮਾਰਚ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਪੰਜਾਬ ਨਾਲ ਸਬੰਧਤ ਪੰਜ ਰਾਜ ਸਭਾ ਮੈਂਬਰਾਂ- ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਸ਼ਵੇਤ ਮਲਿਕ, ਨਰੇਸ਼ ਗੁਜਰਾਲ ਤੇ ਸੁਖਦੇਵ ਸਿੰਘ ਢੀਂਡਸਾ ਦਾ ਕਾਰਜਕਾਲ 9 ਅਪਰੈਲ ਨੂੰ ਖ਼ਤਮ ਹੋ ਰਿਹਾ ਹੈ ਜਦੋਂਕਿ ਦੋ ਹੋਰਨਾਂ ਰਾਜ ਸਭਾ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋਣਾ ਹੈ।


Share