ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਫਲੂ ਦੇ ਲੱਛਣਾਂ ਵਾਲੇ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਭੇਜਣ ਦੇ ਨਿਰਦੇਸ਼ ਜਾਰੀ

763
Share

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਨਫ਼ਲੂਏਂਜਾ ਲਾਈਕ ਇਲਨੈੱਸ (ਆਈਐਲਆਈ) ਅਤੇ ਸਵਿਅਰ ਐਕਿਉਟ ਰੇਸਪੀਰੇਟਰੀ ਇਨਫੈਕਸਨ (ਐਸਏਆਰਆਈ) ਦੇ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਸਰਕਾਰੀ ਹਸਪਤਾਲਾਂ ਦੇ ਫ਼ਲੂ ਕਾਰਨਰਾਂ ਵਿੱਚ ਫਲੂ ਦੇ ਲੱਛਣ ਜਿਵੇਂ ਕਿ ਬੁਖ਼ਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼, ਨਮੂਨੀਆਂ ਆਦਿ ਦੇ ਸਾਰੇ ਮਰੀਜਾਂ ਦੀ ਮੁਫ਼ਤ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇਗੀ।
ਇਸ ਸੰਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਜ਼ਰੀਏ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ-19 ਦਾ ਇੱਕ ਵੀ ਸ਼ੱਕੀ ਮਰੀਜ ਜਾਂਚ ਤੋਂ ਵਾਂਝਾ ਨਾ ਰਹਿ ਸਕੇ ਅਤੇ ਇਸ ਬਿਮਾਰੀ ਦੇ ਜਨਤਕ ਪੱਧਰ ਤੇ ਫ਼ੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਾਰੇ ਸਿਵਲ ਸਰਜਨਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਵਿੱਚ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਜਾਣਕਾਰੀ ਦੇਣ ਅਤੇ ਅਜਿਹੇ ਮਰੀਜਾਂ ਦੀ ਸੈਂਪਲਿੰਗ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ ਨਿਰਦੇਸ਼ ਦਿੱਤੇ ਹਨ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ-19 ਕਾਰਣ ਪੈਦਾ ਹੋਈ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ-19 ਮਰੀਜਾਂ ਦੀ ਟ੍ਰੈਕਿੰਗ (ਪਹਿਚਾਣ), ਟੈਸਟਿੰਗ (ਜਾਂਚ) ਤੇ ਟਰੀਟਮੈਂਟ (ਇਲਾਜ) ਲਈ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਗਈ ਹੈ। ਐਸਬੀਐਸ ਨਗਰ ਤੇ ਐਸਏਐਸ ਨਗਰ ਜ਼ਿਲ੍ਹਿਆਂ ਵਿੱਚ ਰੋਕਥਾਮ ਦੀਆਂ ਗਤੀਵਿਧੀਆਂ ਇਸ ਦੀ ਇੱਕ ਮਿਸਾਲ ਹਨ। ਉਨ੍ਹਾਂ ਦੱਸਿਆ ਕਿ ਸੰਪਰਕ ਵਿੱਚ ਆਏ ਲੋਕਾਂ ਨੂੰ ਟਰੇਸ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਬਿਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਿਆ। ਪੰਜਾਬ ਵਿੱਚ ਕੋਵਿਡ-19 ਦੀ ਜਾਂਚ 5 ਲੈਬਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਈਸੀਐਮਆਰ ਤੋਂ ਮੰਜ਼ੂਰਸ਼ੁਦਾ ਹੋਰ ਪ੍ਰਾਈਵੇਟ ਲੈਬ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨਾਲ ਪੰਜਾਬ ਦੀ ਟੈਸਟਿੰਗ ਸਮਰੱਥਾ ਵੱਧ ਸਕੇਗੀ।


Share