ਰਾਜ ਕੁੰਦਰਾ ਖਿਲਾਫ 16 ਸਤੰਬਰ ਤੱਕ ਟਲੀ ਸੁਣਵਾਈ

718
* ਡੇਢ ਮਹੀਨੇ ਤੋਂ ਜੇਲ੍ਹ ਦੀਆਂ ਸੀਖਾਂ ਪਿੱਛੇ ਹੈ ਬਾਲੀਵੁੱਡ ਅਦਾਕਰਾ ਸ਼ਿਲਪਾ ਦਾ ਪਤੀ
ਮੁੰਬਈ, 9 ਸਤੰਬਰ (ਪੰਜਾਬ ਮੇਲ)-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਅਪਲੋਡ ਕਰਨ ਦੇ ਮਾਮਲੇ ’ਚ ਪਿਛਲੇ ਡੇਢ ਮਹੀਨੇ ਤੋਂ ਜੇਲ੍ਹ ’ਚ ਬੰਦ ਹਨ। ਰਾਜ ਕੁੰਦਰਾ ਦੀ ਜ਼ਮਾਨਤ ਦੀ ਵਾਰ-ਵਾਰ ਕੋਸ਼ਿਸ਼ ਹੋ ਰਹੀ ਹੈ ਪਰ ਕੁਝ ਨਾ ਕੁਝ ਅੜਚਨ ਆ ਰਹੀ ਹੈ। ਉੱਧਰ ਹੁਣ ਖਬਰ ਆ ਰਹੀ ਹੈ ਕਿ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ’ਤੇ ਸੈਸ਼ਨ ਕੋਰਟ ’ਚ ਇਕ ਵਾਰ ਫਿਰ ਤੋਂ 16 ਸਤੰਬਰ ਨੂੰ ਸੁਣਵਾਈ ਹੋਵੇਗੀ। ਰਾਜ ਕੁੰਦਰਾ ਦੇ ਵਕੀਲਾਂ ਵੱਲੋਂ ਕੋਰਟ ਤੋਂ ਅਗਲੀ ਤਾਰੀਕ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਣਵਾਈ ਨੂੰ ਟਾਲ ਕੇ 16 ਸਤੰਬਰ ਕਰ ਦਿੱਤਾ ਗਿਆ।
ਦੱਸ ਦੇਈਏ ਕਿ 19 ਜੁਲਾਈ ਤੋਂ ਹੀ ਰਾਜ ਕੁੰਦਰਾ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਹਨ। ਇਸ ਮਾਮਲੇ ’ਚ ਪੁਲਿਸ ਨੇ ਹੁਣ ਤੱਕ 11 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਿਸ ਲਗਾਤਾਰ ਰਾਜ ਕੁੰਦਰਾ ਦੇ ਮਾਮਲੇ ’ਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਰਾਜ ਕੁੰਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਅਦਾਕਾਰਾ ਸ਼ਿਲਪਾ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਪਰ ਡਾਂਸਰ ਤੋਂ ਕਰੀਬ ਇਕ ਮਹੀਨੇ ਤੋਂ ਜ਼ਿਆਦਾ ਦੇ ਸਮੇਂ ਲਈ ਆਪਣੇ ਕੰਮ ਤੋਂ ਬਰੇਕ ਲੈਣ ਤੋਂ ਬਾਅਦ ਸ਼ਿਲਪਾ ਨੇ ਫਿਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਹ ਸੱਚ ਹੈ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪ੍ਰੋਫੈਸ਼ਨਲ ਜ਼ਿੰਦਗੀ ਦਾ ਵੀ ਇਸ ’ਤੇ ਡੂੰਘਾ ਅਸਰ ਪੈ ਰਿਹਾ ਹੈ।
ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦਾ ਘਰ ਛੱਡ ਆਪਣੀ ਅਤੇ ਆਪਣੇ ਬੱਚਿਆਂ ਦੇ ਜ਼ਿੰਦਗੀ ਲਈ ਪਲਾਨਿੰਗ ਕਰ ਰਹੀ ਹੈ। ਇਸ ਦਾ ਖੁਲਾਸ਼ਾ ਸ਼ਿਲਪਾ ਦੇ ਕਰੀਬੀ ਦੋਸਤ ਨੇ ਕੀਤਾ ਸੀ ਕਿ ਉਹ ਰਾਜ ਕੁੰਦਰਾ ਤੋਂ ਦੂਰ ਜ਼ਿੰਦਗੀ ਬਿਤਾਉਣ ਦੀ ਯੋਜਨਾ ਬਣਾ ਰਹੀ ਹੈ।