ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ

683
ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ਨੂੰ ਰਿਲੀਜ਼ ਕਰਦੇ ਹੋਏ ਚਮਨ ਲਾਲ ਰਿਖੀ, ਸੁਰਿੰਦਰ ਫਰਿਸ਼ਤਾ, ਅਰਵਿੰਦਰ ਭੱਟੀ, ਧਵਨੀ ਮਹਿਰਾ ਅਤੇ ਹੋਰ ਸ਼ਖਸੀਅਤਾਂ। 
Share

ਅੰਮ੍ਰਿਤਸਰ, 5 ਜੁਲਾਈ (ਪੰਜਾਬ ਮੇਲ)- ਪੱਤਰਕਾਰ, ਅਦਾਕਾਰ, ਸਮਾਜ ਸੇਵਕ ਅਤੇ ਹੁਣ ਸੰਵੇਦਨਸ਼ੀਲ ਕਵੀ ਦੇ ਰੂਪ ‘ਚ ਪੇਸ਼ ਹੋ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਆਪਣਾ ਕਾਵਿ ਸੰਗ੍ਰਹਿ ਪਾਉਣ ਵਾਲੇ ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ। ਰਾਜਿੰਦਰ ਰਿਖੀ ਦੇ ਪਿਤਾ ਚਮਨ ਲਾਲ ਰਿਖੀ ਨੇ ਕਿਤਾਬ ਰਿਲੀਜ਼ ਕੀਤੀ। ਬੀਤੇ ਤਿੰਨ ਦਹਾਕੇ ਤੋਂ ਨਿਰੰਤਰ ਪੱਤਰਕਾਰੀ ਪੇਸ਼ੇ ਨਾਲ ਜੁੜੇ ਰਾਜਿੰਦਰ ਰਿਖੀ ਨੇ ਦੱਸਿਆ ਕਿ ਉਸਦੀਆਂ ਕਾਵਿ ਰਚਨਾਵਾਂ ਜ਼ਿੰਦਗੀ ਦੇ ਹਰੇਕ ਪਹਿਲੂ ਨੂੰ ਉਜਾਗਰ ਕਰਦੀਆਂ ਹਨ। ਆਪਣੇ ਚਿਰ ਪਰਿਚਤ ਅੰਦਾਜ਼ ‘ਚ ਰਿਖੀ ਨੇ ਕਿਹਾ ਕਿ ਉਹ ਅਸਲ ਵਿਚ ਪੱਤਰਕਾਰ ਹੀ ਹੈ, ਪਰ ਉਸਦੀ ਕਲਮ ਖਬਰਾਂ ਦੇ ਨਾਲ-ਨਾਲ ਕਿਸ ਵੇਲੇ ਆਪਣੇ ਸ਼ਬਦਾਂ ਨੂੰ ਕਵਿਤਾ ਦਾ ਰੂਪ ਦੇਣ ਲੱਗੀ, ਇਹ ਮੈਂ ਵੀ ਨਹੀਂ ਜਾਣਦਾ। ਆਪਣੇ ਕਾਵਿ ਸੰਗ੍ਰਹਿ ਦੇ ਸਿਰਲੇਖ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਲੇਖ ਸਾਡੇ ਸਮਾਜ ਵਿਚਲੀ ਹੀ ਇਕ ਕੁਰੀਤੀ ਨਾਲ ਸੰਬੰਧਿਤ ਹੈ। ਇਹ ਇਕ ਅਣਜੰਮੀ ਧੀ ਵੱਲੋਂ ਆਪਣੀ ਮਾਂ ਦੇ ਨਾਮ ਪੁਕਾਰ ਹੈ, ਜੋ ਕਿ ਇਸ ਦੁਨੀਆਂ ਵਿਚ ਆ ਕੇ ਇਕ ਲੜਕੀ ਦੇ ਹੋਣ ਵਾਲੇ ਸ਼ੋਸ਼ਣ ਤੋਂ ਮੁਕਤੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਹੀ ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਉਸਾਰੂ ਸੋਚ ਵਾਲੀਆਂ ਰਚਨਾਵਾਂ ਨਾਲ ਆਪਣੀ ਹਾਜ਼ਰੀ ਲਗਵਾਉਂਦੇ ਰਹਿਣਗੇ। ਇਸ ਮੌਕੇ ਬੋਲਦਿਆਂ ਪ੍ਰਸਿੱਧ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਕਿਹਾ ਕਿ ਰਿਖੀ ਇਕ ਵਧੀਆ ਕਲਾਕਾਰ ਅਤੇ ਪੱਤਰਕਾਰ ਤੇ ਸੀ, ਪਰ ਅੱਜ ਉਸਨੇ ਆਪਣੀ ਕਲਮ ਦੇ ਜਾਦੂ ਨਾਲ ਜੋ ਮਾਅਰਕਾ ਮਾਰਿਆ ਹੈ, ਇਹ ਸਦੀਵੀ ਜ਼ਿੰਦਾ ਰਹਿਣ ਵਾਲਾ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ, ਚਮਨ ਲਾਲ ਰਿਖੀ, ਡਾ. ਤਰਸੇਮ ਸ਼ਰਮਾ (ਓਸ਼ੋਧਾਰਾ), ਧਵਨੀ ਮਹਿਰਾ ਸੀ. ਮੀਤ ਪ੍ਰਧਾਨ ਈਡੀਅਟ ਕਲੱਬ, ਦਲਜੀਤ ਅਰੋੜਾ, ਹਰਿੰਦਰ ਸੋਹਲ, ਕੁਲਵਿੰਦਰ ਸਿੰਘ ਬੁੱਟਰ, ਸ਼ਿਵਰਾਜ ਸਿੰਘ, ਪ੍ਰਿਤਪਾਲ ਪਾਲੀ, ਵਿੰਕਲ ਫਰਿਸ਼ਤਾ, ਤਰਲੋਚਨ ਤੋਚੀ, ਦਲਜੀਤ ਸੋਨਾ, ਸਟੇਟ ਐਵਾਰਡੀ ਗਾਇਕਾ ਖਿਯਾਤੀ ਮਹਿਰਾ, ਪਰਵਿੰਦਰ ਮੂਧਲ, ਦੀਪਕ ਮਹਿਰਾ, ਸੁਮੀਤ ਕਾਲੀਆ, ਕਾਰਤਿਕ ਰਿਖੀ, ਸੋਨਲ ਦਵੇਸਰ, ਜਗਤਾਰ ਸਿੰਘ ਬਿੱਲਾ, ਰਾਜੀਵ ਸ਼ਰਮਾ, ਵੈਭਵ ਅਰੋੜਾ, ਸੰਗੀਤਾ ਅਰੋੜਾ, ਧੈਰਿਆ ਮਹਿਰਾ, ਸਵਿੰਦਰ ਸਵੀ, ਹੈਪੀ ਸਿੰਘ ਅਤੇ ਸੁਨੀਲ ਠਾਕੁਰ ਵੀ ਹਾਜ਼ਰ ਸਨ।


Share