ਰਾਜਾ ਹੰਸਪਾਲ ਦੀ ਪਲੇਠੀ ਪੁਸਤਕ ਮਹਾਰਾਣੀ ਮਾਂ ਲੋਕ ਅਰਪਣ ਹੋਈ

449
Share

-ਨਾ ਕਾਗਜ਼ ਨਾ ਕਲਮ ਲਿਖ ਦਿੱਤੀ ਕਿਤਾਬ
ਅੰਮਿ੍ਰਤਸਰ ਸਾਹਿਬ, 6 ਸਤੰਬਰ (ਪੰਜਾਬ ਮੇਲ)- ਅੱਜ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਮਾਝਾ ਵਰਲਡਵਾਈਡ ਵੱਲੋਂ ਪ੍ਰਕਾਸ਼ਿਤ ਜ਼ਿੰਦਾਦਿਲ ਨੌਜਵਾਨ ਲੇਖਕ ਰਾਜਾ ਹੰਸਪਾਲ ਦੀ ਪਲੇਠੀ ਪੁਸਤਕ ਮਹਾਰਾਣੀ ਮਾਂ ਅਤੇ ਹੋਰ ਕਹਾਣੀਆਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ. ਸਤਿੰਦਰ ਸਿੰਘ ਓਠੀ, ਪੰਜਾਬੀ ਸਾਹਿਤ ਸੰਗਮ ਦੇ ਨੌਜਵਾਨ ਆਗੂ ਸ. ਹਰਚਰਨ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਜੇ।
ਜ਼ਿਕਰਯੋਗ ਹੈ ਕਿ ਲੇਖਕ ਰਾਜਾ ਹੰਸਪਾਲ ਬਚਪਨ ਤੋਂ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ, ਜਿਸਦਾ ਅਸਰ ਉਸਦੇ ਪੂਰੇ ਸਰੀਰ ’ਤੇ ਪੈ ਗਿਆ ਅਤੇ ਸਰੀਰ ਕਮਜ਼ੋਰ ਹੁੰਦਾ ਗਿਆ। ਨਾ ਤਾਂ ਉਹ ਕਲਮ ਫੜ੍ਹ ਸਕਦਾ ਸੀ, ਨਾ ਹੀ ਕਾਗਜ਼, ਪਰ ਹੌਲੀ-ਹੌਲੀ ਮੋਬਾਇਲ ਉੱਤੇ ਹੀ ਸਾਰੀ ਕਿਤਾਬ ਟਾਈਪ ਕੀਤੀ ਅਤੇ ਅਮਰੀਕਾ ਤੋਂ ਅਮਨਦੀਪ ਸਿੰਘ ਮੁਲਤਾਨੀ ਦੇ ਸਹਿਯੋਗ ਅਤੇ ਨੌਜਵਾਨ ਲੇਖਕ ਸ. ਇਕਵਾਕ ਸਿੰਘ ਪੱਟੀ ਦੀ ਪ੍ਰੇਰਣਾ ਸਦਕਾ ਕਹਾਣੀਆਂ ਦੀ ਇਹ ਕਿਤਾਬ ਹੋਂਦ ਵਿਚ ਆਈ। ਇਸ ਮੌਕੇ ਬੋਲਦਿਆਂ ਸ. ਸਤਿੰਦਰ ਸਿੰਘ ਓਠੀ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਰਾਜਾ ਹੰਸਪਾਲ ਵੱਲੋਂ ਕੀਤਾ ਗਿਆ ਕਾਰਜ ਸੁਲਹਾਣਯੋਗ ਹੈ ਅਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਹੈ। ਪੰਜਾਬੀ ਮਾਂ ਬੋਲੀ ਪ੍ਰਤੀ ਉਸਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਅਖੀਰ ਵਿਚ ਰਾਜਾ ਹੰਸਪਾਲ ਦੇ ਪਿਤਾ ਸ. ਜਰਨੈਲ ਸਿੰਘ ਮਾਤਾ ਚਰਨਜੀਤ ਕੌਰ ਅਤੇ ਭਰਾਵਾਂ ਵੱਲੋਂ ਆਏ ਮਹਿਮਾਨਾਂ ਨੂੰ ਵਿਸ਼ੇਸ਼ ਮੋਮੈਂਟੋ ਦੇ ਕੇ ਸਨਮਨਿਆ ਗਿਆ। ਰਾਜਾ ਹੰਸਪਾਲ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਉਸ ਕੋਲੋਂ ਪੰਜਾਬੀ ਸਾਹਿਤ ਪ੍ਰਤੀ ਸੇਵਾਵਾਂ ਲਈਆਂ ਗਈਆਂ ਹਨ। ਹਰ ਇੱਕ ਦੀ ਜ਼ਿੰਦਗੀ ਵਿਚ ਦੁੱਖ ਅਤੇ ਸੁੱਖ ਨਾਲ ਨਾਲ ਚੱਲਦੇ ਹਨ, ਇਹ ਫੈਸਲਾ ਇਨਸਾਨ ਨੇ ਖੁਦ ਕਰਨਾ ਹੁੰਦਾ ਹੈ ਕਿ ਉਸਨੇ ਹੁਣ ਹੱਸ ਕੇ ਜਿਊਣਾ ਹੈ ਜਾਂ ਸਾਰੀ ਉਮਰ ਝੁਰਦਿਆਂ ਗੁਜ਼ਾਰਨੀ ਹੈ। ਇਸ ਮੌਕੇ ਸ. ਸਤਿੰਦਰ ਸਿੰਘ, ਸ. ਜਸਪਾਲ ਸਿੰਘ, ਸ. ਹਰਜੀਤ ਸਿੰਘ ਬਾਂਗਾ, ਲੇਖਿਕਾ ਮਨਬੀਰ ਕੌਰ, ਜਸਪ੍ਰੀਤ ਕੌਰ, ਕਵਲਜੀਤ ਕੌਰ, ਰਣਜੀਤ ਸਿੰਘ, ਦਲਜੀਤ ਸਿੰਘ ਵਿੱਕੀ, ਸਾਹਿਤਕਾਰ ਸ਼੍ਰੀ ਵਰਿੰਦਰ ਅਜ਼ਾਦ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਪਰੋਕਤ ਕਿਤਾਬ ਸਿੰਘ ਬ੍ਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Share