ਜੈਪੁਰ, 14 ਅਗਸਤ (ਪੰਜਾਬ ਮੇਲ)- ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਭਲਕੇ ਸ਼ੁਰੂ ਹੋ ਰਹੇ ਰਾਜਸਥਾਨ ਵਿਧਾਨ ਸਭਾ ਦੇ ਇਜਲਾਸ ਦੌਰਾਨ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰੇਗੀ। ਕਾਂਗਰਸ ਵਿਧਾਇਕ ਦਲ ਦੀ ਅੱਜ ਇਥੇ ਹੋਈ ਬੈਠਕ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਤੋਂ ਕੁਝ ਘੰਟੇ ਪਹਿਲਾਂ ਵਿਰੋਧੀ ਧਿਰ ਭਾਜਪਾ ਨੇ ਕਿਹਾ ਕਿ ਉਹ ਇਜਲਾਸ ਦੌਰਾਨ ਬੇਭਰੋਸਗੀ ਦਾ ਮਤਾ ਪੇਸ਼ ਕਰੇਗੀ। ਭਾਜਪਾ ਦੀ ਬੈਠਕ ’ਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕੌਮੀ ਮੀਤ ਪ੍ਰਧਾਨ ਤੇ ਸੂਬਾ ਇੰਚਾਰਜ ਅਵਿਨਾਸ਼ ਖੰਨਾ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਇਸ ਤੋਂ ਪਹਿਲਾਂ ਸਚਿਨ ਪਾਇਲਟ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਕਰੀਬ ਇਕ ਮਹੀਨੇ ਪਹਿਲਾਂ ਬਾਗ਼ੀ ਤੇਵਰ ਅਪਣਾਏ ਜਾਣ ਮਗਰੋਂ ਦੋਵੇਂ ਆਗੂਆਂ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ। ਦੋਵੇਂ ਆਗੂਆਂ ਨੇ ਫੋਟੋਗ੍ਰਾਫਰਾਂ ਲਈ ਇਕੱਠਿਆਂ ਤਸਵੀਰਾਂ ਵੀ ਖਿਚਵਾਈਆਂ। ਕਾਂਗਰਸ ਵਿਧਾਇਕ ਦਲ ਦੀ ਬੈਠਕ ਦੌਰਾਨ ਗਹਿਲੋਤ ਨੇ ਕਾਂਗਰਸ ਵਿਧਾਇਕਾਂ ਨੂੰ ਕਿਹਾ ਕਿ ਉਹ ਪਿਛਲੇ ਗਿਲੇ-ਸ਼ਿਕਵੇ ਭੁਲਾ ਕੇ ਅੱਗੇ ਵਧਣ। ਜ਼ਿਕਰਯੋਗ ਹੈ ਕਿ 200 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੇ 107 ਅਤੇ ਭਾਜਪਾ ਕੋਲ 72 ਵਿਧਾਇਕ ਹਨ। ਇਸ ਦੌਰਾਨ ਕਾਂਗਰਸ ਨੇ ਪਾਇਲਟ ਧੜੇ ਦੇ ਦੋ ਵਿਧਾਇਕਾਂ ਭੰਵਰਲਾਲ ਸ਼ਰਮਾ ਅਤੇ ਵਿਸ਼ਵੇਂਦਰ ਸਿੰਘ ਦੀ ਪਾਰਟੀ ’ਚੋਂ ਮੁਅੱਤਲੀ ਨੂੰ ਵਾਪਸ ਲੈ ਲਿਆ ਹੈ।