ਰਾਜਸਥਾਨੀ ਕਲਾਕਾਰਾਂ ਨੇਂ 9ਵੇਂ ਦਿਨ ਪੇਸ਼ ਕੀਤੀ ਆਪਣੀ ਰਵਾਇਤੀ ਨਾਟਕ ਸ਼ੈਲੀ ਨੌਟੰਕੀ, ਗਾਉਂਦੇ ਹੋਏ ਬੋਲੇ ਡਾਇਲੌਗ

475
Share

ਅਮਰਜੀਤ ਮਹਿਤਾ ਵੱਲੋਂ ਨਾਟਕ ਮੇਲੇ ਨੂੰ ਕੌਮਾਂਤਰੀ ਪੱਧਰ ਤੱਕ ਲੈ ਕੇ ਜਾਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ
ਬਠਿੰਡਾ, 9 ਅਕਤੂਬਰ (ਪੰਜਾਬ ਮੇਲ)- ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿਖੇ ਚੱਲ੍ਹ ਰਹੇ ਨਾਟਿਅਮ ਦੇ 15 ਦਿਨਾਂ 10ਵੇਂ ਕੌਮੀ ਰੰਗ ਮੰਚ ਮੇਲੇ ਦੇ 9ਵੇਂ ਦਿਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਰਾਜਸਥਾਨ ਦੇ ਜੈਪੂਰ ਤੋਂ ਆਈ ਰਸ ਰੰਗ ਮੰਚ ਸੰਸਥਾ ਵੱਲੋਂ ਆਪਣੀ ਰਵਾਇਤੀ ਨਾਟ ਸ਼ੈਲੀ ਨੌਟੰਕੀ ਦੀ ਪੇਸ਼ਕਾਰੀ ਦਿੰਦਿਆਂ ‘ਆਲਾ ਅਫਸਰ’ ਨਾਟਕ ਖੇਡਿਆ ਗਿਆ। ਦੋ ਦਰਜਨ ਦੇ ਕਰੀਬ ਕਲਾਕਾਰਾਂ ਵਾਲੀ ਇਸ ਪੇਸ਼ਕਸ ਵਿੱਚ ਸਾਰਿਆਂ ਨੇ ਗਾਉਂਦੇ ਹੋਏ ਆਪਣੇ ਡਾਇਲੌਗ ਬੋਲੇ ਅਤੇ ਵਿਵਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ‘ਤੇ ਤੰਜ ਕੱਸਿਆ। ਮੁਦਰਾ ਰਾਕਸ਼ਸ ਦੇ ਲਿਖੇ ਅਤੇ ਮੁਕੇਸ਼ ਵਰਮਾ ਦੇ ਨਿਰਦੇਸ਼ਿਤ ਇਸ ਨਾਟਕ ਵਿੱਚ ਇੱਕ ਪਿੰਡ ਦੀ ਕਹਾਣੀ ਦਿਖਾਈ ਗਈ, ਜਿਸ ਵਿੱਚ ਸਾਰੇ ਇੱਕ ਅਫਸਰ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਉਸਦੇ ਭੁਲੇਖੇ ਇੱਕ ਠੱਗ ਦੀ ਸੇਵਾ ਕਰਦੇ ਰਹਿੰਦੇ ਹਨ, ਜਦੋਂਕਿ ਅਸਲੀ ਅਫਸਰ ਨੇ ਅਜੇ ਆਉਣਾ ਹੁੰਦਾ ਹੈ।
ਨਾਟਿਅਮ ਦੇ ਚੇਅਰਮੈਨ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਧਰਸ਼ਨ ਗੁਪਤਾ, ਅਤੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਨਾਟ ਮੇਲੇ ਦੀ 9ਵੀਂ ਸ਼ਾਮ ਦੌਰਾਨ ਪਹੁੰਚੇ ਸਨਮਾਨ ਯੌਗ ਮਹਿਮਾਨਾਂ ‘ਚ ਨਾਮੀਂ ਬਿਜਨਸ-ਮੈਨ ਤੇ ਸਮਾਜਸੇਵੀ ਅਮਰਜੀਤ ਮਹਿਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਇਰੈਕਟਰ ਯੂਥ ਵੈਲਫੇਅਰ ਡਾ. ਗੁਰਸੇਵਕ ਲੰਬੀ, ਐਨਜ਼ੈਡਸੀਸੀ ਤੋਂ ਰਵਿੰਦਰ ਸ਼ਰਮਾ ਅਤੇ ਭੁਪਿੰਦਰ ਸਿੰਘ, ਸੁਨੀਲ ਗੁਪਤਾ ਅਤੇ ਸ਼ਸ਼ੀ ਗੁਪਤਾ ਹਾਜ਼ਿਰ ਸਨ। ਅਮਰਜੀਤ ਮਹਿਤਾ ਵੱਲੋਂ ਇਸ ਨਾਟਕ ਮੇਲੇ ਨੂੰ ਕੌਮਾਂਤਰੀ ਪੱਧਰ ਤੇ ਲੈ ਕੇ ਜਾਣ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।


Share